ਕੁਲਜੀਤ ਸਿੰਘ ਸਿੱਧੂ, ਮਾਨਸਾ : ਮਾਨਸਾ ਪੁਲਿਸ ਨੇ ਜਾਅਲੀ ਭਾਰਤੀ ਕਰੰਸੀ ਤਿਆਰ ਕਰਨ ਵਾਲੇ 3 ਵਿਅਕਤੀਆਂ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਪ੍ਰੀਤਮ ਸਿੰਘ, ਚਰਨਜੀਤ ਸਿੰਘ ਅਤੇ ਦਾਰਾ ਸਿੰਘ ਤੋਂ 6 ਲੱਖ 22 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ।

ਜਾਅਲੀ ਕਰੰਸੀ ਤਿਆਰ ਕਰਨ ਵਾਲੇ ਦੋਸ਼ੀ 2 ਹਜ਼ਾਰ ਤੋਂ ਲੈ ਕੇ 100 ਰੁਪਏ ਤਕ ਦੇ ਸਾਰੇ ਨੋਟ ਛਾਪਦੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਤੋਂ ਜਾਅਲੀ ਕਰੰਸੀ ਤੋਂ ਇਲਾਵਾ ਇਕ ਰੰਗੀਨ ਪ੍ਰਿੰਟਰ ਕਮ ਸਕੈਨਰ, ਕੱਚਾ ਮਾਲ ਆਦਿ ਦੀ ਵੱਡੀ ਬਰਾਮਦਗੀ ਕੀਤੀ ਹੈ।

ਡਾ. ਭਾਰਗਵ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪ੍ਰੀਤਮ ਸਿੰਘ ਵਾਸੀ ਚੱਕ ਭਾਈਕੇ ਹਾਲ ਆਬਾਦ ਸੁਨਾਮ ਸੰਗਰੂਰ, ਚਰਨਜੀਤ ਸਿੰਘ ਵਾਸੀ ਡਸਕਾ ਸੰਗਰੂਰ ਅਤੇ ਦਾਰਾ ਸਿੰਘ ਵਾਸੀ ਖਾਈ ਸੰਗਰੂਰ ਜੋ ਜਾਅਲੀ ਭਾਰਤੀ ਕਰੰਸੀ ਤਿਆਰ ਕਰਦੇ ਹਨ ਅਤੇ ਤਿਆਰ ਕੀਤੀ ਜਾਅਲੀ ਕਰੰਸੀ ਅੱਗੇ ਭੋਲੇ ਭਾਲੇ ਲੋਕਾਂ ਨੂੰ ਅਤੇ ਮਾਰਕੀਟ ਵਿਚ ਦੁਕਾਨਦਾਰਾਂ ਨੂੰ ਧੋਖੇ 'ਚ ਰੱਖ ਕੇ ਅਸਲੀ ਦੱਸ ਕੇ ਦਿੰਦੇ ਹਨ ਅਤੇ ਮੰਗਲਵਾਰ ਨੂੰ ਵੀ ਤਿਆਰ ਕੀਤੀ ਜਾਅਲੀ ਕਰੰਸੀ ਦੇਣ ਲਈ ਆ ਰਹੇ ਹਨ ਜਿਸ 'ਤੇ ਉਕਤ ਦੋਸ਼ੀਆਂ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰ ਕੇ ਦੋੋ ਦੋਸ਼ੀਆਂ ਪ੍ਰੀਤਮ ਸਿੰਘ ਅਤੇ ਚਰਨਜੀਤ ਸਿੰਘ ਨੂੰ ਮੋਟਰਸਾਈਕਲ ਹੀਰੋ ਹਾਂਡਾ ਨੰਬਰੀ ਪੀਬੀ-13ਟੀ-2801 ਸਮੇਤ ਕਾਬੂ ਕੀਤਾ ਗਿਆ ਜਿਹਨਾਂ ਤੋਂ ਮੌਕੇ ਤੇ 2 ਲੱਖ 50 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਜਿਹਨਾਂ ਨੂੰ ਨਾਲ ਲੈ ਕੇ ਦੋਸ਼ੀ ਦਾਰਾ ਸਿੰਘ ਤੇ ਰੇਡ ਕਰ ਕੇ ਉਸ ਨੂੰ ਵੀ ਕਾਬੂ ਕੀਤਾ ਗਿਆ। ਜਿਸ ਤੋਂ ਮੌਕੇ 'ਤੇ 8500 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਦੀ ਬਰਾਮਦਗੀ ਕੀਤੀ ਗਈ। ਤਿੰਨਾਂ ਦੋਸ਼ੀਆਂ ਤੋਂ 2 ਲੱਖ 58 ਹਜ਼ਾਰ 500 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਮੌਕੇ 'ਤੇ ਬਰਾਮਦ ਕੀਤੀ ਗਈ।

ਜਾਣਕਾਰੀ ਅਨੁਸਾਰ ਇਹ ਦੋਸ਼ੀ ਜਾਅਲੀ ਭਾਰਤੀ ਕਰੰਸੀ ਦਾ ਧੰਦਾ ਕਰਦੇ ਸਨ। ਦੋੋਸ਼ੀ ਪ੍ਰਰੀਤਮ ਸਿੰਘ ਅਤੇ ਇਸ ਦੇ ਹੋਰ ਸਾਥੀਆਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ਼ ਹੋਏ ਸੀ, ਜਿਸ ਵਿੱਚ 2 ਲੱਖ ਰੁਪਏ ਤੋੋਂ ਵੱਧ ਦੀ ਜਾਅਲੀ ਭਾਰਤੀ ਕਰੰਸੀ ਅਤੇ ਨਜਾਇਜ ਹਥਿਆਰਾਂ ਦੀ ਬਰਾਮਦਗੀ ਕੀਤੀ ਗਈ ਸੀ। ਇਹ ਮੁਕੱਦਮਾ ਅਦਾਲਤ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਦੋਸ਼ੀ ਪ੍ਰਰੀਤਮ ਸਿੰਘ ਜਮਾਨਤ ਤੇ ਬਾਹਰ ਆਇਆ ਹੋਇਆ ਹੈ।

ਗਿ੍ਫ਼ਤਾਰ ਕੀਤੇ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹ ਦੋੋਸ਼ੀ 2000, 500, 200 ਅਤੇ 100 ਰੁਪਏ ਦੇ ਨੋਟ ਤਿਆਰ ਕਰਦੇ ਸਨ ਜਿਹਨਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਇਹ ਧੰਦਾ ਕਦੋਂ ਤੋਂ ਚਲਾਇਆ ਹੋਇਆ ਸੀ, ਇਹਨਾਂ ਨਾਲ ਹੋਰ ਕਿੰਨਾਂ-ਕਿੰਨਾਂ ਵਿਅਕਤੀਆਂ ਦੀ ਸਮੂਲੀਅਤ ਹੈ, ਕੱਚਾ ਮਾਲ ਕਿੱਥੋੋਂ ਲੈ ਕੇ ਆਉਂਦੇ ਸੀ ਅਤੇ ਕਿੱਥੇ-ਕਿੱਥੇ ਸਪਲਾਈ ਕਰਦੇ ਸੀ ਜਿਹਨਾਂ ਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।