ਸੁਰਿੰਦਰ ਲਾਲੀ, ਮਾਨਸਾ : ਸ੍ਰੀ ਗੁਰੂ ਰਵਿਦਾਸ ਮੰਦਰ ਖਿਆਲਾ ਕਲਾਂ ਵਿਖੇ ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਮਾਨਸਾ ਤਹਿਸੀਲ ਕਮੇਟੀ ਦਾ ਡੈਲੀਗੇਟ ਇਜਲਾਸ ਸਫਲਤਾ ਪੂਰਬਕ ਸੰਪੰਨ ਹੋਇਆ। ਇਸ ਇਜਲਾਸ ਦੀ ਪ੍ਰਧਾਨਗੀ ਕਾਮਰੇਡ ਰਣਜੀਤ ਸਿੰਘ ਸਾਬਕਾ ਸਰਪੰਚ ਤਾਮਕੋਟ, ਕਾਮਰੇਡ ਹਰਦੇਵ ਸਿੰਘ ਖਿਆਲਾ ਕਲਾਂ, ਕਾਮਰੇਡ ਹਾਕਮ ਸਿੰਘ ਖਿਆਲਾ ਕਲਾਂ, ਕਾਮਰੇਡ ਗੁਰਜੰਟ ਸਿੰਘ ਫਫੜੇ ਭਾਈਕੇ ਅਤੇ ਕਾਮਰੇਡ ਦਲਜੀਤ ਕੌਰ ਤਾਮਕੋਟ ਵਲੋਂ ਕੀਤੀ ਗਈ । ਪਿੰਡ ਦੀ ਸਵਾਗਤੀ ਕਮੇਟੀ ਵਲੋਂ ਸਾਥੀ ਭੂਰਾ ਸਿੰਘ ਨੇ ਪਹੁੰਚੇ ਡੈਲੀਗੇਟਾ ਨੂੰ ਜੀ ਆਇਆਂ ਕਿਹਾ। ਇਜਲਾਸ ਦਾ ਉਦਘਾਟਨ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਵਲੋਂ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਤੇ ਪੰਜਾਬ ਦੇ ਇੰਚਾਰਜ ਕਾਮਰੇਡ ਪ੍ਰਸ਼ੋਤਮ ਸ਼ਰਮਾ ਨੇ ਡੈਲੀਗੇਟਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਨੇ ਦੇਸ਼ ਵਿਚ ਜਮਹੂਰੀਅਤ ਪਸੰਦ ਤਾਕਤਾਂ ਤੇ ਘੱਟਗਿਣਤੀਆਂ ਖ਼ਿਲਾਫ਼ ਹਮਲਿਆਂ ਨੂੰ ਖ਼ਤਰੇ ਦੇ ਨਿਸ਼ਾਨ ਤੱਕ ਲੈ ਆਂਦਾ ਹੈ। ਦੇਸ਼ ਵਿਚ ਸਰਕਾਰ ਤੇ ਫਿਰਕੂ ਗਿਰੋਹਾਂ ਵਲੋਂ ਖੁੱਲੇ੍ਹਆਮ ਦਲਿਤਾਂ ਤੇ ਘੱਟਗਿਣਤੀ ਭਾਈਚਾਰੇ ਉਤੇ ਹਮਲੇ ਕੀਤੇ ਜਾ ਰਹੇ ਹਨ, ਕਾਨੂੰਨ ਤੇ ਨਿਆਂ ਪਾਲਿਕਾ ਨੂੰ ਤਾਕ 'ਤੇ ਰੱਖ ਕੇ ਉਨਾਂ ਦੇ ਘਰਾਂ ਉਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ। ਕਿਰਤ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਜਿਸ ਨਾਲ ਕਿਰਤੀ ਲੋਕਾਂ ਦੀਆਂ ਉਜ਼ਰਤਾਂ ਉਤੇ ਸਿੱਧਾ ਡਾਕਾ ਮਾਰਿਆ ਜਾ ਰਿਹਾ ਹੈ। ਦੂਸਰੇ ਪਾਸੇ ਹੁਣ ਅਗਨੀਪਥ ਤਹਿਤ ਦੇਸ਼ ਦੇ ਨੋਜਵਾਨਾਂ ਦਾ ਮਨੋਬਲ ਤੇ ਭਵਿੱਖ ਨਸ਼ਟ ਕਰ ਦਿੱਤਾ ਗਿਆ ਹੈ । ਇਸ ਲਈ ਸਾਨੂੰ ਇਸ ਸਰਕਾਰ ਦੇ ਖਿਲਾਫ਼ ਇਕ ਵਿਆਪਕ ਤੇ ਇਕਜੁੱਟ ਸੰਘਰਸ਼ ਵਿਕਸਤ ਕਰਨ ਦੀ ਜ਼ਰੂਰਤ ਹੈ। ਸਨੂੰ ਹਰ ਪਿੰਡ ਵਿੱਚ ਪਾਰਟੀ ਮੈਂਬਰਸ਼ਿਪ ਵਿਚ ਵਾਧਾ ਕਰਕੇ ਪਾਰਟੀ ਬਰਾਂਚਾਂ ਨੂੰ ਮਜ਼ਬੂਤ ਤੇ ਸਰਗਰਮ ਕਰਨਾ ਪਵੇਗਾ, ਤਾਂ ਜ਼ੋ ਨਿਕਟ ਭਵਿੱਖ ਵਿੱਚ ਸਾਡੀ ਪਾਰਟੀ ਅਜਿਹੇ ਵੱਡੇ ਜਨਤਕ ਸੰਘਰਸ਼ ਦੀ ਅਗਵਾਈ ਕਰਨ ਦੇ ਯੋਗ ਹੋ ਸਕੇ।

ਇਜਲਾਸ ਵਿਚ ਕਾਮਰੇਡ ਗੁਰਨਾਮ ਸਿੰਘ ਭੀਖੀ, ਮਨਜੀਤ ਕੌਰ ਜੋਗਾ, ਭੋਲਾ ਸਿੰਘ ਝੱਬਰ, ਅਜੈਬ ਸਿੰਘ ਭੈਣੀਬਾਘਾ, ਸੁਖਬੀਰ ਖਾਰਾ, ਸੁਖਵਿੰਦਰ ਸਿੰਘ ਹੀਰੇਵਾਲਾ, ਹੰਸਾ ਸਿੰਘ ਖਿਆਲਾ, ਸਾਧੂ ਸਿੰਘ ਬੁਰਜ ਿਢੱਲਵਾਂ ਸਮੇਤ ਵੱਖ ਵੱਖ ਬਰਾਂਚਾਂ ਦੇ ਡੈਲੀਗੇਟਾਂ ਨੇ ਅਪਣੇ ਵਿਚਾਰ ਤੇ ਸੁਝਾਅ ਪੇਸ਼ ਕੀਤੇ। ਅੰਤ ਵਿਚ ਕਾਮਰੇਡ ਵਿੰਦਰ ਅਲਖ ਨੇ ਨਵੀਂ ਚੁਣੀ ਜਾਣ ਵਾਲੀ 17 ਮੈਂਬਰੀ ਤਹਿਸੀਲ ਕਮੇਟੀ ਦਾ ਪੈਨਲ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਨਵੀਂ ਚੁਣੀ ਤਹਿਸੀਲ ਕਮੇਟੀ ਨੇ ਸੰਖੇਪ ਮੀਟਿੰਗ ਕਰਕੇ ਕਾਮਰੇਡ ਗੁਰਸੇਵਕ ਸਿੰਘ ਮਾਨ ਨੂੰ ਤਹਿਸੀਲ ਸਕੱਤਰ, ਮਨਜੀਤ ਕੌਰ ਜੋਗਾ ਨੂੰ ਸਹਾਇਕ ਸਕੱਤਰ ਅਤੇ ਅਜੈਬ ਸਿੰਘ ਭੈਣੀ ਬਾਘਾ ਨੂੰ ਖ਼ਜ਼ਾਨਚੀ ਚੁਣਿਆ। ਇਜਲਾਸ ਵਿਚ 24 ਬਰਾਂਚਾਂ ਦੇ ਕੁਲ 50 ਡੈਲੀਗੇਟ ਹਾਜ਼ਰ ਸਨ। ਇਜਲਾਸ ਵਿਚ ਕੇਂਦਰੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਨੱਤ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਕੌਮੀ ਆਗੂ ਜਸਵੀਰ ਕੌਰ ਨੱਤ, ਏਪਵਾ ਦੇ ਜ਼ਲਿਾ ਪ੍ਰਧਾਨ ਬਲਵਿੰਦਰ ਕੌਰ ਖਾਰਾ ਤੇ ਪਾਰਟੀ ਦੇ ਜਿਲਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਮੌਜੂਦ ਸਨ।