ਜਗਤਾਰ ਸਿੰਘ ਧੰਜਲ, ਮਾਨਸਾ: ਪੈਸੇ ਦੁੱਗਣੇ ਕਰਨ ਦੇ ਲਾਲਚ ਵਿੱਚ ਇੱਕ ਤਾਂਤਰਿਕ ਅਤੇ ਔਰਤਾਂ ਦੇ ਹੱਥੋਂ ਇੱਕ ਪੁਲਿਸ ਮੁਲਾਜ਼ਮ ਨਾਲ 11 ਲੱਖ ਰੁਪਏ ਦੀ ਠੱਗੀ ਵੱਜੀ ਹੈ।

ਤਾਂਤਰਿਕ ਅਤੇ ਗਿਰੋਹ ਦੇ ਮੈਂਬਰਾਂ ਨੇ ਪੁਲਿਸ ਮੁਲਾਜ਼ਮ ਨੂੰ ਲਾਲਚ ਦਿੱਤਾ ਕਿ ਉਹ ਕੁੱਝ ਹੀ ਦਿਨਾ ਵਿੱਚ ਪੈਸੇ ਦੁੱਗਣੇ ਕਰ ਕੇ ਦੇ ਦੇਣਗੇ, ਜਿਸ ਨਾਲ ਉਹ ਮਾਲਾਮਾਲ ਹੋ ਜਾਵੇਗਾ। ਇਹ ਪੁਲਿਸ ਮੁਲਾਜ਼ਮ ਥਾਣਾ ਸਰਦੂਲਗੜ੍ਹ ਵਿਖੇ ਤਾਇਨਾਤ ਹੈ ਅਤੇ ਮੂਲ ਰੂਪ ਵਿੱਚ ਖੈਰਪੁਰ ਕਾਲੋਨੀ, ਜ਼ਿਲ੍ਹਾ ਸਿਰਸਾ ਦਾ ਰਹਿਣ ਵਾਲਾ ਹੈ। ਸਰਦੂਲਗੜ੍ਹ ਪੁਲਿਸ ਨੇ ਦੋ ਔਰਤਾਂ ਸਮੇਤ 4 ਵਿਅਕਤੀਆਂ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸਰਦੂਲਗੜ੍ਹ ਵਿਖੇ ਤਾਇਨਾਤ ਹੌਲਦਾਰ ਗੁਲਬਹਾਰ ਸਿੰਘ, ਤਾਂਤਰਿਕ ਬਲਵਿੰਦਰ ਸਿੰਘ ਉਰਫ ਬਿੰਦੀ ਵਾਸੀ ਸਾਧੂਵਾਲਾ ਦੇ ਸੰਪਰਕ ਵਿੱਚ ਆਇਆ। ਇੱਕ ਦਿਨ ਉਹ ਉਥੇ ਮੱਥਾ ਟੇਕਣ ਗਿਆ ਤਾਂ ਉਸ ਦਾ ਸੰਪਕਰ ਸੁਰਜੀਤ ਸਿੰਘ ਜੱਗਾ ਵਾਸੀ ਫੱਤਾ ਮਾਲੋਕਾ ਨਾਲ ਹੋਇਆ। ਜਿਸ ਨੇ ਉਸ ਨੂੰ ਕਿਹਾ ਕਿ ਉਹ ਅਤੇ ਉਸ ਦੇ ਸਾਥੀ ਕੁੱਝ ਅਜਿਹੇ ਵਿਅਕਤੀਆਂ ਨੂੰ ਜਾਣਦੇ ਹਨ, ਜੋ ਕਾਲੇ ਇਲਮ ਨਾਲ ਪੈਸੇ ਦੁੱਗਣੇ ਕਰ ਕੇ ਦਿੰਦੇ ਹਨ। ਗੁਲਬਹਾਰ ਸਿੰਘ ਨੂੰ ਉਨ੍ਹਾਂ ਨੇ ਸਰਦੂਲਗੜ੍ਹ ਕੈਂਚੀਆਂ ਵਿਖੇ ਬੁਲਾਇਆ ਜਿੱਥੇ ਸੁਰਜੀਤ ਸਿੰਘ ਜੱਗਾ, ਮਨਪ੍ਰੀਤ ਕੌਰ ਮੋਨਾ, ਮਨਜੀਤ ਕੌਰ ਸਰਦੂਲਗੜ੍ਹ, ਬਲਵਿੰਦਰ ਸਿੰਘ ਉਰਫ ਬਿੰਦੀ ਬਾਬਾ ਅਤੇ ਵਿਸ਼ਨੂੰ ਰਾਮ ਵਾਸੀ ਸਰਦੂਲਗੜ੍ਹ ਮਿਲੇ, ਉਹ ਉਸ ਨੂੰ ਪੈਸੇ ਦੁੱਗਣੇ ਕਰਵਾਉਣ ਦਾ ਲਾਲਚ ਦੇ ਕੇ ਕਿਰਾਏ ਤੇ ਗੱਡੀ ਕਰਵਾ ਕੇ ਪਿੰਡ ਭਾਦਸ, ਜ਼ਿਲ੍ਹਾ ਨੂਹ ਹਰਿਆਣਾ ਲੈ ਗਏ, ਉਥੇ ਉਨ੍ਹਾਂ ਨੂੰ ਮੁਹੰਮਦ ਖਾਂ ਉਰਫ ਸੂਦੀ ਖਾਂ ਅਤੇ ਕਪਿਲ ਖਾਂ ਮਿਲੇ, ਜਿੰਨਾਂ ਨੇ ਸੁਰਜੀਤ ਸਿੰਘ, ਮਨਜੀਤ ਕੌਰ ਅਤੇ ਮਨਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਅਤੇ ਉਹ ਕਿਸੇ ਮਕਾਨ ਦੇ ਅੰਦਰ ਚਲੇ ਗਏ, ਸੂਦੀ ਖਾਨ ਉਥੇ ਚਾਦਰ ਵਿਸ਼ਾ ਕੇ ਬੈਠ ਗਿਆ ਤਾਂ ਗੁਲਬਹਾਰ ਨੇ ਉਨ੍ਹਾਂ ਨੂੰ ਹਜ਼ਾਰ ਰੁਪਏ ਮੱਥਾ ਟੇਕਿਆ ਅਤੇ ਸੂਦੀ ਖਾਂ ਨੇ ਉਨ੍ਹਾਂ ਨੂੰ 1400 ਮੋੜ ਦਿੱਤੇ। ਜਿਸ ਤੋਂ ਬਾਅਦ ਉਹ ਸਰਦੂਲਗੜ੍ਹ ਪਰਤ ਆਏ।

ਇਸ ਤੋਂ ਬਾਅਦ ਸੁਰਜੀਤ ਜੱਗਾ, ਮਨਪ੍ਰੀਤ ਕੌਰ ਮੋਨਾ ਅਤੇ ਮਨਜੀਤ ਕੌਰ ਨੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਬਾਬੇ ਕੋਲ ਪੈਸੇ ਦੁੱਗਣੇ ਕਰਵਾਉਣ ਜਾਣਾ ਹੈ, 5 ਅਗਸਤ 2020 ਨੂੰ ਜਦ ਗੁਲਬਹਾਰ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ 11 ਲੱਖ ਰੁਪਏ ਲੈ ਕੇ ਮਨਪ੍ਰੀਤ ਕੌਰ ਮੋਨਾ ਦੇ ਘਰ ਗਿਆ ਤਾਂ ਉਨ੍ਹਾਂ ਨੇ ਪੈਸਿਆਂ ਵਾਲਾ ਬੈਗ ਫੜ੍ਹ ਕੇ ਆਪਣੇ ਕੋਲ ਰੱਖ ਲਿਆ। ਉਸ ਦੇ ਸਾਢੂ ਸਕੱਤਰ ਸਿੰਘ ਨੂੰ ਪਿੰਡ ਭਾਦਸ ਵਿਖੇ ਬਾਬਾ ਮੁਹੰਮਦ ਖਾਨ ਉਰਫ ਸੂਦੀ ਖਾਨ ਅਤੇ ਕਪਿਲ ਖਾਨ ਕੋਲ ਲੈ ਗਏ, ਜਿੰਨਾਂ ਨੇ ਪੈਸੇ ਡਬਲ ਕਰਨ ਦਾ ਢੌਂਗ ਕੀਤਾ, ਇਸ ਦੌਰਾਨ ਹੀ ਪੁਲਿਸ ਦੀ ਵਰਦੀ ਵਿੱਚ ਬੁਲਟ ਮੋਟਰਸਾਇਕਲ ਤੇ ਦੋ ਲੜਕੇ ਆਏ, ਕਪਿਲ ਖਾਨ ਨੇ ਪੁਲਿਸ ਆਉਣ ਦਾ ਰੋਲਾ ਪਾਇਆ, ਜਿਸ ਤੋਂ ਘਬਰਾ ਕੇ ਸਭ ਭੱਜ ਗਏ, ਪਰ ਉਨ੍ਹਾਂ ਨੇ ਮੋਟਰਸਾਇਕਲ ਨੰਬਰ ਆਰ.ਜੇ. 05 ਐਸ.ਐਕਸ.0769 ਦੀ ਪਹਿਚਾਣ ਕੀਤੀ ਗਈ, ਕਈ ਦਿਨਾਂ ਬਾਅਦ ਗੁਲਬਹਾਰ ਸਿੰਘ ਦਾ ਸਾਢੂ ਅਤੇ ਉਹ ਸੁਰਜੀਤ ਸਿੰਘ, ਮਨਪ੍ਰੀਤ ਕੌਰ ਅਤੇ ਸੱਤਪਾਲ ਸਿੰਘ ਕੋਲ ਗਏ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਠੱਗੀ ਕਰਨੀ ਸੀ, ਕਰ ਲਈ। ਜਿਸ ਵਿੱਚ ਉਨ੍ਹਾਂ ਬਾਬੇ ਨੂੰ ਬਣਦਾ ਹਿੱਸਾ ਦੇ ਦਿੱਤਾ ਹੈ, ਹੁਣ ਉਹ ਆਪਣੇ ਪੈਸੇ ਭੁੱਲ ਜਾਵੇ। ਇਸ ਵਿੱਚ ਰਣਜੀਤ ਸਿੰਘ ਉਰਫ ਭੋਲਾ ਵਾਸੀ ਸਰਦੂਲਗੜ੍ਹ ਨਾਲ 7 ਲੱਖ ਰੁਪਏ, ਹਰਬੰਸ ਸਿੰਘ ਵਾਸੀ ਬਘੇਲ ਚੜ੍ਹਤ ਸਿੰਘ, ਜ਼ਿਲ੍ਹਾ ਬਠਿੰਡਾ ਨਾਲ 1 ਲੱਖ ਰੁਪਏ, ਬੂਟਾ ਸਿੰਘ, ਸੁਰਜੀਤ ਸਿੰਘ, ਮੰਗਤ ਸਿੰਘ ਵਾਸੀ ਜਟਾਣਾ ਕਲਾਂ ਨਾਲ 8 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਐਸਐਸਪੀ ਲਾਂਬਾ ਨੇ ਦੱਸਿਆ ਕਿ ਸਰਦੂਲਗੜ੍ਹ ਪੁਲਿਸ ਨੇ ਸੁਰਜੀਤ ਸਿੰਘ ਉਰਫ ਜੱਗਾ ਵਾਸੀ ਫੱਤਾ ਮਾਲੋਕਾ, ਮਨਪ੍ਰੀਤ ਕੌਰ ਉਰਫ ਮੋਨਾ, ਮਨਜੀਤ ਕੌਰ ਵਾਸੀ ਸਰਦੂਲਗੜ੍ਹ, ਸੱਤਪਾਲ ਸਿੰਘ ਵਾਸੀ ਸਰਦੂਲਗੜ੍ਹ, ਮਹੰਮਦ ਖਾਨ ਉਰਫ ਸੂਦੀ ਖਾਨ ਵਾਸੀ ਭਾਦਸ, ਕਪਿਲ ਖਾਨ ਵਾਸੀ ਭਾਦਸ, ਮੁਨੀਸ਼ ਅਤੇ ਪਵਨ ਕੁਮਾਰ ਵਾਸੀ ਭਾਦਸ ਦੇ ਖਿਲਾਫ ਵੱਖ ਵੱਖ ਧਾਰਾਵਾਂ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਸੁਰਜੀਤ ਸਿੰਘ ਜੱਗਾ, ਮਨਪ੍ਰੀਤ ਕੌਰ ਮੋਨਾ, ਮਨਜੀਤ ਕੌਰ ਅਤੇ ਸੱਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿੰਨਾਂ ਤੋਂ ਪੁੱਛਗਿੱਛ ਜਾਰੀ ਹੈ। ਮਾਮਲੇ ਦੀ ਤਫਤੀਸ਼ ਥਾਣਾ ਸਰਦੂਲਗੜ੍ਹ ਦੇ ਏਐਸਆਈ ਅਵਤਾਰ ਸਿੰਘ ਕਰ ਰਹੇ ਹਨ।

Posted By: Jagjit Singh