ਸਟਾਫ ਰਿਪੋਰਟਰ, ਮਾਨਸਾ : ਜ਼ਿਲ੍ਹੇ ਵਿਚ ਪਿਛਲੇ ਸਮੇਂ ਵਿਚ ਸਵਾਈਨ ਫਲੂ ਨਾਲ ਚਾਰ ਮੌਤਾਂ ਹੋਣ ਤੋਂ ਬਾਅਦ 10 ਲੋਕ ਸਵਾਈਨ ਫਲੂ ਤੋਂ ਪੀੜਤ ਪਾਏ ਗਏ ਹਨ, ਜੋ ਮਾਨਸਾ ਤੋਂ ਬਾਹਰ ਦੇ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਰਹੇ ਹਨ। ਸਿਹਤ ਵਿਭਾਗ ਦਾ ਦਾਅਵਾ ਹੈ ਕਿ ਮਾਨਸਾ ਦੇ ਸਰਕਾਰੀ ਹਸਪਤਾਲਾਂ ਵਿਚ ਸਵਾਈਲ ਫਲੂ ਦੀ ਹਰ ਦਵਾਈ ਮੌਜੂਦ ਹੈ। ਇਸ ਦੇ ਇਲਾਵਾ ਇਲਾਜ ਦੇ ਵੀ ਬੰਦੋਬਸਤ ਮੁਕੰਮਲ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿਚ ਮਾਨਸਾ ਵਿਚ ਇਕ ਵਿਦਿਆਰਥੀ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਹੁਣ ਦੇ ਅੰਕੜੇ ਮੁਤਾਬਕ ਮਾਨਸਾ ਜ਼ਿਲ੍ਹੇ ਵਿਚ ਹੁਣ 10 ਲੋਕ ਸਵਾਈਲ ਫਲੂ ਦੇ ਮਰੀਜ਼ ਪਾਏ ਗਏ ਹਨ, ਜਿੰਨਾਂ ਵਿਚ ਮਾਨਸਾ ਦੇ 1, ਸਰਦੂਲਗੜ ਦੇ 2, ਖਿਆਲਾ ਕਲਾਂ ਦੇ 2 ਤੇ ਬੁਢਲਾਡਾ ਦੇ 5 ਮਰੀਜ਼ ਮੌਜੂਦ ਹਨ। ਸਿਹਤ ਵਿਭਾਗ ਦੇ ਜ਼ਿਲਾ ਐਪੋਡੀਮੋਲਾਜਿਸਟ ਸੰਤੋਸ਼ ਭਾਰਤੀ ਦਾ ਕਹਿਣਾ ਹੈ ਕਿ ਜ਼ਿਲੇ੍ਹ ਵਿਚ ਇਸ ਵੇਲੇ ਸਵਾਈਨ ਫਲੂ ਦੇ 10 ਮਰੀਜ਼ ਪਾਜੇਟਿਵ ਪਾਏ ਗਏ ਹਨ,ਜਿੰਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਬਿਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਤੇ ਇਸ ਦਾ ਮੁਕੰਮਲ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਸਿਹਤ ਮਹਿਕਮਾ ਇਸ ਨੂੰ ਲੈ ਕੇ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਤੇ ਇਸ ਸੰਬਧੀ ਦਵਾਈਆਂ ਤੇ ਇਲਾਜ ਦਾ ਸਰਕਾਰੀ ਹਸਪਤਾਲਾਂ ਵਿਚ ਪੁਖਤਾ ਪ੍ਬੰਧ ਹੈ।