ਸੰਦੀਪ ਜਿੰਦਲ, ਭੀਖੀ : ਭੀਖੀ ਦੇ ਵਾਰਡ ਨੰ. 1 ਵਿਖੇ ਬੀਤੇ ਦਿਨੀਂ ਮਾਂ ਦੀ ਹੋਈ ਮੌਤ ਦੇ ਸਦਮੇ 'ਚ ਦੂਜੇ ਪੁੱਤ ਨੇ ਵੀ ਖ਼ੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਵੀ ਮਿ੍ਤਕ ਦੇ ਛੋਟੇ ਭਰਾ ਨੇ ਵੀ ਮਾਂ ਦੀ ਮੌਤ ਤੋਂ 3-4 ਦਿਨਾਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ।

ਜਾਣਕਾਰੀ ਦਿੰਦਿਆਂ ਥਾਣਾ ਭੀਖੀ ਦੇ ਏਐੱਸਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਵਾਰਡ ਨੰ. 1 ਵਾਸੀ ਮੁਕੇਸ਼ ਕੁਮਾਰ ਪੁੱਤਰ ਪਿ੍ਤਪਾਲ ਨੇ ਆਪਣੇ ਘਰ ਵਿਖੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ। ਉਸ ਨੂੰ ਤੁਰੰਤ ਮਾਨਸਾ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ ਹੈ। ਮਿ੍ਤਕ ਮੁਕੇਸ਼ ਕੁਮਾਰ ਦੇ ਭਰਾ ਮਹਿੰਦਰਪਾਲ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮੁਕੇਸ਼ ਕੁਮਾਰ ਆਪਣੀ ਮਾਂ ਦੀ ਮੌਤ ਤੋਂ ਬਾਅਦ ਅਕਸਰ ਪਰੇਸ਼ਾਨ ਰਹਿੰਦਾ ਸੀ। ਇਸ ਕਾਰਨ ਉਸ ਨੇ ਇਹ ਕਦਮ ਉਠਾਇਆ। ਜ਼ਿਕਰਯੋਗ ਹੈ ਕਿ ਤਕਰੀਬਨ 15 ਦਿਨ ਪਹਿਲਾਂ ਮਿ੍ਤਕ ਮੁਕੇਸ਼ ਕੁਮਾਰ ਦੀ ਮਾਤਾ ਦਾ ਕਿਸੇ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਸਦਮੇ ਕਾਰਨ ਮਾਂ ਦੀ ਮੌਤ ਤੋਂ 3-4 ਦਿਨ ਬਾਅਦ ਮੁਕੇਸ਼ ਕੁਮਾਰ ਦੇ ਛੋਟੇ ਭਰਾ ਸੁਨੀਲ ਕੁਮਾਰ ਨੇ ਵੀ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। 15 ਦਿਨਾਂ ਦੇ ਅੰਦਰ-ਅੰਦਰ ਇਕ ਪਰਿਵਾਰ ਵਿਚ ਹੋਈਆਂ ਤਿੰਨ ਮੌਤਾਂ ਨਾਲ ਸ਼ਹਿਰ ਵਾਸੀਆਂ ਵਿਚ ਭਾਰੀ ਸੋਗ ਪਾਇਆ ਜਾ ਰਿਹਾ ਹੈ।