<

p> ਸੁਰਿੰਦਰ ਲਾਲੀ, ਮਾਨਸਾ : ਐੱਸਐੱਸਪੀ ਮਾਨਸਾ ਡਾ. ਨਰਿੰਦਰ ਭਾਰਗਵ ਦੀ ਅਗਵਾਈ ਹੇਠ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਸਾਂਝ ਕੇਂਦਰ ਵੱਲੋਂ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਐੱਸਟੀਵੀ ਦੇ ਇੰਚਾਰਜ ਬਲਵੰਤ ਸਿੰਘ ਭੀਖੀ ਨੇ ਦੱਸਿਆ ਕਿ ਰੋਜ਼ਾਨਾ ਵੱਡੇ ਯਤਨਾਂ ਤੇ ਹੰਭਲਿਆਂ ਦੀ ਬਦੌਲਤ ਨਸ਼ਾ ਸਮੱਗਲਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨੇ ਇਨ੍ਹਾਂ ਦੀ ਹੋਂਦ ਨੂੰ ਤਬਾਹ ਕਰਨ ਕਿਨਾਰੇ ਲੈ ਆਂਦਾ ਹੈ। ਜੋ ਬੱਚਿਆਂ ਤੇ ਪਰਿਵਾਰ ਦੀਆਂ ਸਰਗਰਮੀਆਂ ਲਈ ਉਸਾਰੂ ਤੇ ਅਗਾਂਹਵਧੂ ਵਿਚਾਰਾਂ ਤੇ ਸੋਚਾਂ ਦਾ ਸਮਾਂ ਸਾਂਝਾ ਕਰਦੇ ਹਨ, ਉਨ੍ਹਾਂ 'ਤੇ ਨਸ਼ੇ ਦਾ ਪਰਛਾਵਾਂ ਵੀ ਨਹੀਂ ਪੈ ਸਕਦਾ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਈ ਹੈ। ਇਨ੍ਹਾਂ ਨੂੰ ਬਚਾਉਣਾ ਸਮੇਂਦੀ ਮੁੱਖ ਲੋੜ ਹੈ। ਨਸ਼ੇ ਸਾਡੀ ਜ਼ਿੰਦਗੀ ਨੂੰ ਤਬਾਹ ਕਰਨ ਦੇ ਨਾਲ- ਨਾਲ ਸਾਡੀ ਆਰਥਿਕਤਾ ਨੂੰ ਢਾਹ ਲਾ ਰਹੇ ਹਨ, ਜਿਸ ਕਾਰਨ ਅੱਜ ਸਾਡਾ ਪੰਜਾਬ ਨਿਘਾਰ ਵੱਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਕੁਰਾਹੇ ਪੈ ਚੱਲੀ ਹੈ। ਸਾਡਾ ਗੌਰਵਮਈ ਵਿਰਸਾ ਦਿਨੋ- ਦਿਨ ਅਲੋਪ ਹੁੰਦਾ ਜਾ ਰਿਹਾ ਹੈ। ਸਾਡੀ ਧਰਤੀ ਤੇ ਵਾਤਾਵਰਨ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਿਆ ਹੈ । ਇਸ ਮੌਕੇ ਬਲਵੰਤ ਸਿੰਘ ਭੀਖੀ ਨੇ ਕਿਹਾ ਕਿ ਅੱਜ ਨੌਜਵਾਨ ਆਪਣੀ ਜਵਾਨੀ ਨੂੰ ਬਰਬਾਦ ਕਰ ਕੇ ਆਪਣੇ ਮਾਪਿਆਂ 'ਤੇ ਬੋਝ ਬਣਦੇ ਜਾ ਰਹੇ ਹਨ। ਜਿਨ੍ਹਾਂ ਨੇ ਬੁੱਢੇ ਮਾਂ-ਬਾਪ ਦਾ ਸਹਾਰਾ ਬਣਨਾ ਸੀ, ਉਹ ਅੱਜ ਨਸ਼ਿਆਂ ਦਾ ਸਹਾਰਾ ਲੈ ਰਹੇ ਹਨ, ਜੋ ਇਕ ਸਰਾਪ ਹੈ। ਨੌਜਵਾਨਾਂ ਨੂੰ ਇਹ ਸਾਰੀਆਂ ਚੀਜ਼ਾਂ ਤਿਆਗ ਕੇ ਖੇਡਾਂ ਵੱਲ ਪੇ੍ਰਿਤ ਹੋ ਕੇ ਆਪਣਾ ਤੇ ਆਪਣੇ ਮਾਂ-ਬਾਪ ਦਾ ਨਾਂ ਚਮਕਾਉਣ ਤੇ ਦੂਜਿਆਂ ਲਈ ਪੇ੍ਰਰਨਾ ਦਾ ਸਰੋਤ ਬਣਨਾ ਚਾਹੀਦਾ ਹੈ ਤਾਂ ਕਿ ਅਸੀਂ ਫਿਰ ਤੋਂ ਪੰਜਾਬ ਨੂੰ ਨਵਾਂ ਨਰੋਇਆ ਬਣਾ ਸਕੀਏ। ਪੰਜਾਬ ਦੀ ਜਵਾਨੀ 'ਤੇ ਮੱਥੇ 'ਤੇ ਲੱਗਿਆ ਨਸ਼ਿਆਂ ਦਾ ਕਲੰਕ ਮਿਟਾਉਣਾ ਸਾਰਿਆਂ ਦੇ ਸਹਿਯੋਗ ਨਾਲ ਸੰਭਵ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਐੱਸਐੱਚਓ ਸਿਟੀ-2 ਮੋਹਨ ਲਾਲ, ਏਐੱਸਆਈ ਬਲਵੰਤ ਸਿੰਘ ਭੀਖੀ, ਏਐੱਸਆਈ ਰਣਜੀਤ ਸਿੰਘ ਸਾਂਝ ਕੇਂਦਰ ਇੰਚਾਰਜ ਸਿਟੀ-1, ਏਐੱਸਆਈ ਸ਼ਰਨਜੀਤ ਸਿੰਘ ਸਾਂਝ ਕੇਂਦਰ ਇੰਚਾਰਜ ਸਿਟੀ-2, ਪਿ੍ਰੰਸੀਪਲ ਰਿੰਪਲ ਮੋਂਗਾ, ਅਧਿਆਪਕ ਰਾਧੇ ਸ਼ਿਆਮ, ਸੁਨੀਤਾ, ਪ੍ਰਦੀਪ ਕੁਮਾਰ, ਦੀਪਕ ਤੋਂ ਇਲਾਵਾ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ।