ਸੁਰਿੰਦਰ ਲਾਲੀ, ਮਾਨਸਾ : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਸੂਬਾ ਕਮੇਟੀ ਮੈਂਬਰ, ਵੱਖ ਵੱਖ ਜ਼ਿਲਿ੍ਹਆਂ ਦੇ ਪ੍ਰਧਾਨ, ਜਨਰਲ ਸਕੱਤਰਾਂ ਨੇ ਸ਼ਿਰਕਤ ਕੀਤੀ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ 'ਚ ਇਨਲਿਸਟਮੈਂਟ ਪਾਲਸੀ, ਠੇਕੇਦਾਰਾਂ ਰਾਹੀ ਆਉਟ ਸੋਰਸਿੰਗ, ਸੁਸਾਇਟੀਆਂ ਆਦਿ ਰਾਹੀ ਸੇਵਾਵਾਂ ਦੇ ਰਹੇ ਠੇਕਾ ਕਾਮਿਆਂ ਨੂੰ ਵਿਭਾਗ 'ਚ ਸ਼ਾਮਿਲ ਕਰ ਰੈਗੂਲਰ ਕਰਨ ਅਤੇ ਹੋਰ ਜਾਇਜ਼ ਮੰਗਾਂ ਦੇ ਨਿਪਟਾਰੇ ਦੀ ਮੰਗ ਲਈ ਜੱਥੇਬੰਦੀ ਦੇ ਚੱਲ ਰਹੇ ਸੰਘਰਸ਼ ਨੂੰ ਲੈ ਕੇ ਕਈ ਅਹਿਮ ਮਤੇ ਪਾਸ ਕੀਤੇ ਗਏ ਹਨ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੇ ਦੱਸਿਆ ਕਿ ਜਲ ਸਪਲਾਈ ਮਹਿਕਮੇ ਅਤੇ ਪੰਜਾਬ ਸਰਕਾਰ ਵੱਲੋਂ ਠੇਕਾ ਕਾਮਿਆਂ ਨੂੰ ਵਿਭਾਗ ‘ਚ ਸ਼ਾਮਿਲ ਕਰਕੇ ਰੈਗੂਲਰ ਕਰਨ ਸਮੇਤ ਹੋਰਨਾਂ ਜਾਇਜ਼ ਮੰਗਾਂ ਦਾ ਹੱਲ ਕਰਨ ਤੋਂ ਹਰ ਵਾਰ ਟਾਲ-ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ, ਉਥੇ ਪੇਂਡੂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ ਕਰਨ ਦੇ ਨਾਂ‘'ਤੇ ਨਿੱਜੀਕਰਣ ਦੀਆਂ ਲੋਕ ਮਾਰੂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਤੋਂ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆਂ ਕਰਵਾਉਣ ਦੀ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਉਕਤ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਵੇਗੀ, ਚਾਹੇ ਸੰਘਰਸ਼ ਨੂੰ ਹੋਰ ਤਿੱਖਾ ਕਿਉ ਨਾ ਕਰਨਾ ਪਵੇ। ਇਸ ਲਈ ਠੇਕਾ ਮੁਲਜ਼ਾਮਾਂ ਨੂੰ ਰੈਗੂਲਰ ਕਰਵਾਉਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਮੀਟਿੰਗ ‘ਚ ਮਤਾ ਪਾਸ ਕੀਤਾ ਗਿਆ ਹੈ ਕਿ ਜੱਥੇਬੰਦੀ ਦੇ ਡੈਪੁਟੇਸ਼ਨ ਕਿਰਤ ਵਿਭਾਗ ਦੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ, ਕਿਰਤ ਕਮਿਸ਼ਨਰ ਪੰਜਾਬ, ਜਲ ਸਪਲਾਈ ਵਿਭਾਗ ਦੀ ਸੈਕਟਰੀ, ਐੱਚਓਡੀ ਮੁਹਾਲੀ ਨੂੰ ਮਿਲੇਗਾ। ਇਸ ਦੇ ਬਾਅਦ 23 ਸਤੰਬਰ ਤੋਂ 12 ਨਵੰਬਰ ਤਕ ਵੱਖ-ਵੱਖ ਜ਼ਿਲਿ੍ਹਆਂ ਦੇ ਕਿਰਤ ਵਿਭਾਗ ਦੇ ਏਐੱਲਸੀ ਦਫਤਰਾਂ ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਧਰਨੇ ਦਿੱਤੇ ਜਾਣਗੇ। ਜਿਸ ਦੇ ਬਾਅਦ ਜੱਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਪ੍ਰਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਦੇ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਕਿ ਪੇਂਡੂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ ਕਰਨ ਲਈ ਆਉਣ ਵਾਲੇ ਅਧਿਕਾਰੀਆ, ਮੰਤਰੀ, ਵਲਡ ਬੈਂਕ ਦੀਆਂ ਟੀਮ ਨੂੰ ਕਾਲੀ ਝੰਡੀਆ ਦਿਖਾ ਕੇ ਵਿਰੋਧ ਕਰਨ ਦਾ ਪ੍ਰਰੋਗਰਾਮ ਨਿਰੰਤਰ ਭਵਿੱਖ ਵਿੱਚ ਵੀ ਜਾਰੀ ਰਹੇਗਾ। ਸੂਬਾ ਕਮੇਟੀ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ 10 ਅਕਤੂਬਰ ਦੇ ਬਠਿੰਡਾ ਵਿਖੇ ਹੋ ਰਹੇ ਧਰਨੇ 'ਚ ਪਰਿਵਾਰਾਂ ਬੱਚਿਆ ਸਮੇਤ ਪਹੁੰਚਣ ਦਾ ਮਤਾ ਪਾਸ ਕੀਤਾ। ਬਿਜਲੀ ਮੁਲਾਜ਼ਮਾ ਵੱਲੋਂ 19 ਸਤੰਬਰ ਨੂੰ ਪਟਿਆਲੇ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀ ਹਮਾਇਤ ਕੀਤੀ ਜਾਵੇਗੀ। ਇਸ ਮੀਟਿੰਗ ‘ਚ ਸਲਾਹਕਾਰ ਮਲਾਗਰ ਸਿੰਘ ਖਮਾਣੋ, ਭੁਪਿੰਦਰ ਸਿੰਘ ਕੁਤਬੇਵਾਲ, ਜਰਸਪ੍ਰਰੀਤ ਸਿੰਘ ਜਟਾਣਾ, ਸੰਦੀਪ ਖਾਂ ਬਠਿੰਡਾ, ਪ੍ਰਦੂਮਣ ਸਿੰਘ ਅਮਿ੍ਤਸਰ,ਤਰਜਿੰਦਰ ਸਿੰਘ ਮਾਨ, ਸੁਰਿੰਦਰ ਸਿੰਘ ਮਾਨਸਾ, ਮਨਦੀਪ ਖਾਖ, ਬਲਕਾਰ ਸਿੰਘ, ਗੁਰਮੀਤ ਸਿੰਘ ਆਲਮਕੇ, ਮੇਜਰ ਸਿੰਘ ਮੁਹਾਲੀ, ਸਰਬਜੀਤ ਬਰਨਾਲਾ, ਦਿਲਬਾਗ ਸਿੰਘ ਤਰਨਤਾਰਨ ਆਦਿ ਹਾਜ਼ਰ ਸਨ।