ਕੁਲਜੀਤ ਸਿੰਘ ਸਿੱਧੂ, ਮਾਨਸਾ : ਸਿਵਲ ਹਸਪਤਾਲ ਰਿਸ਼ਵਤਖੋਰੀ ਮਾਮਲੇ ਚ ਵਿਜੀਲੈਂਸ ਟੀਮ ਵੱਲੋਂ ਨਾਮਜਦ ਕੀਤੇ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਅਸ਼ੋਕ ਕੁਮਾਰ ਨੂੰ ਵਿਜੀਲੈਂਸ ਵੱਲੋਂ ਗਿ੍ਫਤਾਰ ਕਰਨ ਉਪਰੰਤ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਵਿਜੀਲੈਂਸ ਟੀਮ ਵੱਲੋਂ ਪੁਲਿਸ ਰਿਮਾਂਡ ਦੌਰਾਨ ਐੱਸਐੱਮਓ ਤੋਂ ਹੋਣ ਵਾਲੀ ਪੁੱਛਗਿੱਛ ਤੋਂ ਬਾਅਦ ਇਸ ਰਿਸ਼ਵਤਖੋਰੀ ਮਾਮਲੇ ਚ ਜੁੜੇ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਦੇ ਚਿਹਰੇ ਤੋਂ ਪਰਦਾ ਉੱਠਣ ਦੀ ਸੰਭਾਵਨਾ ਹੈ। ਇਸ ਮਾਮਲੇ 'ਚ ਵਿਜੀਲੈਂਸ ਵੱਲੋਂ 6 ਕਥਿਤ ਦੋਸ਼ੀਆਂ ਨੂੰ ਪਹਿਲਾਂ ਹੀ ਜੇਲ੍ਹ ਭੇਜਿਆ ਜਾ ਚੁੱਕਾ ਹੈ ਤੇ ਇਕ ਈਅੱੈਮਓ ਡਾਕਟਰ ਸਾਹਿਲ ਅਜੇ ਫਰਾਰ ਹੈ। ਵਿਜੀਲੈਸ ਰੇਂਜ ਬਠਿੰਡਾ ਦੇ ਐੱਸਐੱਸਪੀ ਪਰਮਜੀਤ ਸਿੰਘ ਵਿਰਕ ਨੇ ਸੰਪਰਕ ਕਰਨ ਤੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ। ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ।

ਵਰਨਣਯੋਗ ਹੈ ਕਿ ਵਿਜੀਲੈਂਸ ਰੇਂਜ ਬਠਿੰਡਾ ਦੇ ਐੱਸਐੱਸਪੀ ਪਰਮਜੀਤ ਸਿੰਘ ਵਿਰਕ ਦੀ ਨਿਗਰਾਨੀ ਵਾਲੀ ਟੀਮ ਨੇ 16 ਜੂਨ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਤਿੰਨ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਫਰਜ਼ੀ ਅੰਗਹੀਣ ਸਰਟੀਫਿਕੇਟ ਜਾਰੀ ਕਰਵਾਉਣ, ਝੂਠੀਆਂ ਡੋਪ ਟੈਸਟ ਰਿਪੋਰਟਾਂ ਜਾਰੀ ਕਰਨ ਅਤੇ ਐਮ ਐਲ, ਆਰਜ 'ਚ ਹੇਰਾਫੇਰੀ ਕਰਕੇ ਸੱਟਾਂ ਦੀ ਕਿਸਮ 'ਚ ਬਦਲਾਅ ਕਰਨ ਤੇ ਆਯੂਸ਼ਮਾਨ ਭਾਰਤ ਜਨ ਸਵਾਸਥ ਯੋਜਨਾ ਤਹਿਤ ਸਿਵਲ ਹਸਪਤਾਲ ਮਾਨਸਾ ਤੋਂ ਪ੍ਰਰਾਈਵੇਟ ਹਸਪਤਾਲਾਂ ਨੂੰ ਮਰੀਜ਼ ਰੈਫਰ ਕਰਨ ਵਰਗੇ ਮਾਮਲਿਆਂ ਚ ਵੱਡੇ ਪੱਧਰ 'ਤੇ ਚੱਲਦੀ ਰਿਸ਼ਵਤਖੋਰੀ ਦਾ ਪਰਦਾਫਾਸ਼ ਕਰਦਿਆਂ ਸਿਵਲ ਹਸਪਤਾਲ ਦੇ ਤਿੰਨ ਮੁਲਾਜ਼ਮਾਂ ਵਿਜੇ ਕੁਮਾਰ ਲੈਬ ਟੈਕਨੀਸ਼ੀਅਨ, ਦਰਸ਼ਨ ਸਿੰਘ ਫਰਮਾਸਿਸਟ ਅਤੇ ਤੇਜਿੰਦਰਪਾਲ ਸ਼ਰਮਾ ਐੱਫਐੱਲਓ ਨੂੰ ਗਿ੍ਫਤਾਰ ਕਰਕੇ ਅਦਾਲਤ ਤੋਂ ਪਹਿਲਾਂ ਪੰਜ ਦਿਨਾਂ ਤੇ ਫਿਰ ਦੋ ਦਿਨਾਂ ਕੁੱਲ ਸੱਤ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਸੀ। ਜਿਨ੍ਹਾਂ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਸੀ। ਉਸੇ ਦਿਨ ਵਿਜੀਲੈਂਸ ਵੱਲੋਂ ਇਸ ਮਾਮਲੇ 'ਚ ਤਿੰਨ ਹੋਰ ਨਾਮਜ਼ਦ ਕਥਿਤ ਦੋਸ਼ੀ ਅਨਿਲ ਕੁਮਾਰ, ਗੁਰਵਿੰਦਰ ਸਿੰਘ ਲਾਲੀ ਤੇ ਬੂਟਾ ਸਿੰਘ ਨੂੰ ਗਿ੍ਫਤਾਰ ਕਰਕੇ ਅਦਾਲਤ ਤੋਂ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਮਾਮਲੇ 'ਚ ਪੁੱਛਗਿੱਛ ਕੀਤੀ ਤੇ ਰਿਮਾਂਡ ਖਤਮ ਹੋਣ ਤੇ ਉਕਤ ਤਿੰਨਾਂ ਨੂੰ ਅਦਾਲਤ 'ਚ ਪੇਸ਼ ਕਰਨ ਤੇ ਅਦਾਲਤ ਵੱਲੋਂ ਤਿੰਨਾਂ ਨੂੰ ਜੇਲ੍ਹ ਭੇਜ ਦਿੱਤਾ ਸੀ ।

ਮਾਮਲੇ 'ਚ ਤਫਤੀਸ਼ ਦੌਰਾਨ ਸਾਹਮਣੇ ਆਏ ਸਬੂਤਾਂ ਦੇ ਅਧਾਰ ਤੇ ਮਾਮਲੇ 'ਚ ਐੱਸਐੱਮਓ ਡਾ. ਅਸ਼ੋਕ ਕੁਮਾਰ ਤੇ ਡਾਕਟਰ ਸਾਹਿਲ ਨੂੰ ਨਾਮਜਦ ਕੀਤਾ ਸੀ। ਐੱਸਐੱਮਓ ਡਾ. ਅਸ਼ੋਕ ਕੁਮਾਰ ਨੂੰ ਗਿ੍ਫਤਾਰ ਕੀਤਾ ਜਾ ਚੁੱਕਾ ਹੈ, ਪਰ ਡਾ. ਸਾਹਿਲ ਅਜੇ ਵੀ ਵਿਜੀਲੈਂਸ ਦੀ ਗਿ੍ਫਤ ਤੋਂ ਬਾਹਰ ਹੈ। ਐੱਸਐੱਸਪੀ ਵਿਜੀਲੈਂਸ ਪਰਮਜੀਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਵਿਜੀਲੈਂਸ ਟੀਮ ਇਸ ਰਿਸ਼ਵਤਖੋਰੀ ਮਾਮਲੇ ਦੀ ਤਹਿ ਤਕ ਪਹੁੰਚਣ ਲਈ ਵੱਖ-ਵੱਖ ਪਹਿਲੂਆਂ ਤੋਂ ਤਫਤੀਸ਼ ਕਰ ਰਹੀ ਹੈ। ਵਿਜੀਲੈਂਸ ਟੀਮ ਸਰਕਾਰੀ ਬੀਮਾ ਯੋਜਨਾ ਤਹਿਤ ਪੈਨਲ ਵਾਲੇ ਪ੍ਰਰਾਈਵੇਟ ਹਸਪਤਾਲਾਂ ਦਾ ਰਿਕਾਰਡ ਖੰਘਾਲ ਰਹੀ ਹੈ।