ਹਰਕ੍ਰਿਸ਼ਨ ਸ਼ਰਮਾ, ਮਾਨਸਾ : ਰਿਸ਼ਵਤਖ਼ੋਰੀ ਦੇ ਮਾਮਲੇ ’ਚ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਬਰਖ਼ਾਸਤ ਕੀਤੇ ਜਾਣ ਬਾਅਦ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਲੋਕਾਂ ਨੂੰ ਕਿਹਾ ਸੀ ਕਿ ਝੰਡਿਆਂ ਤੇ ਡੰਡਿਆਂ ਵੱਲ ਨਾ ਭੱਜੋ, ਜੇਕਰ ਭੱਜਣਾ ਹੀ ਹੈ ਤਾਂ ਚੰਗੇ ਬੰਦਿਆਂ ਵੱਲ ਭੱਜੋ। ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨੂੰ ਆਪਣੇ ਭਾਸ਼ਣਾਂ ’ਚ ਇਹ ਹੀ ਗੱਲ ਸਮਝਾਉਂਦਾ ਰਿਹਾ ਹਾਂ ਪਰ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ ਸਨ ਪਰ ਮਾਨਸਾ ਦੀ ਬਦਕਿਸਮਤੀ ਹੀ ਹੈ। ਕਈ ਸਾਲਾਂ ਬਾਅਦ ਮਾਨਸਾ ਨੂੰ ਮਿਲਿਆ ਮੰਤਰੀ ਗੱਲਤ ਕੰਮ ਕਰਕੇ ਖੁੱਸ ਗਿਆ।

ਇਸ ਲਈ ਲੋਕਾਂ ਨੂੰ ਪਹਿਲਾਂ ਹੀ ਚਾਹੀਦਾ ਹੈ ਕਿ ਉਹ ਜਿਸ ਉਮੀਦਵਾਰ ਨੂੰ ਜਿਤਾ ਕੇ ਅੱਗੇ ਲਿਆ ਰਹੇ ਹਨ ਉਸ ਬਾਰੇ ਪਹਿਲਾਂ ਪੂਰ੍ਹੀ ਤਰ੍ਹਾਂ ਜਾਣ ਲੈਣ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਠੇਸ ਪੁੱਜੀ ਹੈ ਪਰ ਉਹ ਪਹਿਲਾਂ ਵੀ ਲੋਕਾਂ ਨਾਲ ਖੜ੍ਹੇ ਸਨ ਅਤੇ ਹੁਣ ਵੀ ਲੋਕਾਂ ਨਾਲ ਖੜ੍ਹੇ ਹਨ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਹ ਜੋ ਕੰਮ ਕੀਤਾ ਗਿਆ ਹੈ, ਇਕ ਸ਼ਲਾਘਾਯੋਗ ਕਦਮ ਹੈ। ਅਜਿਹੇ ਕਦਮ ਅੱਗੇ ਵੀ ਚੁੱਕਦੇ ਰਹਿਣ ਕਿਉਂਕਿ ਅਜਿਹੇ ਬਹੁਤ ਲੋਕ ਹਨ ਜੋ ਅਜਿਹੀਆਂ ਕੁਤਾਹੀਆਂ ਕਰ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ’ਚ ਸਿੱਧੂ ਮੂਸੇਵਾਲਾ ਮਾਨਸਾ ਤੋਂ ਕਾਂਗਰਸ ਵੱਲੋਂ ਉਮੀਦਵਾਰ ਖੜ੍ਹੇ ਹੋਏ ਸਨ ਪਰ ਮਾਨਸਾ ਹਲਕੇ ਤੋਂ ਹੀ ਆਪ ਵਲੋਂ ਖੜ੍ਹੇ ਡਾ. ਵਿਜੇ ਸਿੰਗਲਾ ਵੱਡੀ ਗਿਣਤੀ ’ਚ ਵੋਟਾਂ ਲੈ ਕੇ ਜਿੱਤੇ ਸਨ। ਵਿਧਾਇਕ ਬਣਨ ਬਾਅਦ ਕੈਬਨਿਟ ਮੰਤਰੀ ਵਜੋਂ ਉਨ੍ਹਾਂ ਨੂੰ ਲਿਆ ਗਿਆ ਅਤੇ ਸਿਹਤ ਮੰਤਰੀ ਬਣਾਇਆ ਗਿਆ ਸੀ।

Posted By: Jagjit Singh