ਸੁਰਿੰਦਰ ਲਾਲੀ, ਮਾਨਸਾ : ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ’ਚ ਜਿਥੇ ਲੋਕਾਂ ਵੱਲੋਂ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ, ਉਥੇ ਹੀ ਅੰਦੋਲਨ ’ਚ ਡਟੀਆਂ ਕਿਸਾਨ ਜਥੇਬੰਦੀਆਂ ਨੂੰ ਲੋਕਾਂ ਵੱਲੋਂ ਹਰ ਸੰਭਵ ਮਦਦ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

ਕਿਸਾਨੀ ਸੰਘਰਸ਼ ’ਚ ਯੋਗਦਾਨ ਦੀ ਵੱਖਰੀ ਮਿਸਾਲ ਪੈਦਾ ਕਰਦਿਆਂ ਮਾਨਸਾ ਦੇ ਪਿੰਡ ਉਡਤ ਸੈਦੇਵਾਲਾ ਦੇ ਨਵ-ਵਿਆਹੇ ਜੋੜੇ ਮਨਵੀਰ ਕੌਰ ਤੇ ਬਲਜੀਤ ਸਿੰਘ ਨੇ ਟਿਕਰੀ ਬਾਰਡਰ ’ਤੇ ਪਹੁੰਚ ਕੇ ਆਪਣੇ ਵਿਆਹ ’ਚ ਮਿਲੇ ਸ਼ਗਨ ਦੀ ਰਾਸ਼ੀ ਕਿਸਾਨ ਅੰਦੋਲਨ ਨੂੰ ਭੇਟ ਕੀਤੀ ਤੇ ਕਿਹਾ ਕਿ ਕਿਸਾਨਾਂ ਦੇ ਆਸ਼ੀਰਵਾਦ ਨਾਲ ਹੀ ਉਨ੍ਹਾਂ ਜੀਵਨ ਸੁਖੀ ਹੋਵੇਗਾ।

ਮਾਨਸਾ ਦੇ ਪਿੰਡ ਉਡਤ ਸੈਦੇਵਾਲਾ ਦੇ ਕੈਨੇਡਾ ’ਚ ਵੱਸਦੇ ਨੌਜਵਾਨ ਬਲਜੀਤ ਸਿੰਘ ਦਾ ਵਿਆਹ 21 ਜਨਵਰੀ ਨੂੰ ਮੋਗਾ ਦੇ ਪਿੰਡ ਨੱਥੂਵਾਲਾ ਗਾਰਵੀ ਦੀ ਮਨਵੀਰ ਕੌਰ ਨਾਲ ਹੋਇਆ। ਲਾੜੇ ਤੇ ਲਾੜੀ ਦੇ ਪਰਿਵਾਰ ਨੇ ਫ਼ੈਸਲਾ ਕੀਤਾ ਕਿ ਵਿਆਹ ’ਚ ਮਿਲਣ ਵਾਲੇ ਸ਼ਗਨ ਨੂੰ ਉਹ ਕਿਸਾਨ ਅੰਦੋਲਨ ਲਈ ਭੇਟ ਕਰਨਗੇ। ਇਸ ਲਈ ਬਕਾਇਦਾ ਤੌਰ ’ਤੇ ਬਕਸਾ ਵੀ ਲਗਾਇਆ ਗਿਆ, ਜਿਸ ’ਚ ਵਿਆਹ ਦਾ ਸ਼ਗਨ ਇਕੱਠਾ ਕੀਤਾ ਗਿਆ। ਇਕੱਠੇ ਹੋਏ ਸ਼ਗਨ ਨੂੰ ਨਵ-ਵਿਆਹੇ ਜੋੜੇ ਨੇ ਟਿਕਰੀ ਬਾਰਡਰ ਪਹੁੰਚ ਕੇ ਸੰਯੁਕਤ ਕਿਸਾਨ ਮੋਰਚਾ ਦੇ ਮੰਚ ’ਤੇ ਸੰਚਾਲਕਾਂ ਨੂੰ ਸੌਂਪਿਆ।

ਮਨਵੀਰ ਕੌਰ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਅਤੇ ਲਾਗੂ ਕੀਤੇ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਉਸ ਦੇ ਪਿਤਾ ਵੀ ਇਸ ਅੰਦੋਲਨ ’ਚ ਕਈ ਵਾਰ ਹਿੱਸਾ ਲੈ ਚੁੱਕੇ ਹਨ ਤੇ ਉਨ੍ਹਾਂ ਨੂੰ ਦੇਖ ਕੇ ਹੀ ਉਸ ਅੰਦਰ ਜਜ਼ਬਾ ਪੈਦਾ ਹੋਇਆ ਕਿ ਉਹ ਵੀ ਧਰਨੇ ਲਈ ਕੁਝ ਕਰੇ।

ਬਲਜੀਤ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ ਦੀ ਮੱਦਦ ਕਰ ਕੇ ਖੁਸ਼ ਹੈ। ਉਸ ਨੇ ਕਿਹਾ ਕਿ ਕਿਸਾਨ ਸੰਘਰਸ਼ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਹੱਕ ’ਚ ਉਹ ਕੈਨੇਡਾ ਵਿਖੇ ਵੀ ਰੈਲੀਆਂ ਕਰ ਰਹੇ ਹਨ।

Posted By: Jagjit Singh