ਭੋਲਾ ਸਿੰਘ ਮਾਨ, ਮੌੜ ਮੰਡੀ : ਅਕਾਲੀ-ਭਾਜਪਾ ਦੇ ਰਾਜ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਅੰਦਰ ਪਾਏ ਗਏ ਸੀਵਰੇਜ ਸਿਸਟਮ ਦੇ ਹੁਣ ਬੰਦ ਹੋਣ ਕਾਰਨ ਸ਼ਹਿਰ ਵਾਸੀਆਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਭਾਵੇਂ ਸੜਕਾਂ 'ਤੇ ਖੜੇ ਸੀਵਰੇਜ ਦੇ ਗੰਦੇ ਪਾਣੀ ਤੋਂ ਪ੍ਰਰੇਸ਼ਾਨ ਹੋ ਕੇ ਮੌੜ ਖੁਰਦ ਅਤੇ ਮੌੜ ਕਲਾਂ ਦੇ ਵਾਸੀਆਂ ਨੂੰ ਕਈ ਵਾਰ ਪੰਜਾਬ ਸਰਕਾਰ ਤੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਖ਼ਿਲਾਫ ਧਰਨੇ ਲਾਉਣ ਲਈ ਮਜਬੂਰ ਹੋਣਾ ਪਿਆ, ਪ੍ਰੰਤੂ ਅਧਿਕਾਰੀਆਂ ਤੇ ਲੀਡਰਾਂ ਵੱਲੋਂ ਧਰਨੇ ਚੁਕਾਉਣ ਸਮੇਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਵੀ ਵਫ਼ਾ ਨਾ ਹੋਏ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਗੰਦੇ ਪਾਣੀ 'ਚੋਂ ਗੁਜਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੇਂਡੂ ਸਾਬਕਾ ਫੌਜੀ ਭਲਾਈ ਸੰਸਥਾ ਦੇ ਸੂਬਾ ਪ੍ਰਧਾਨ ਭੋਲਾ ਸਿੰਘ ਮੌੜ ਖੁਰਦ, ਜਗਦੇਵ ਸਿੰਘ ਮੌੜ ਖੁਰਦ, ਸੁਰਜੀਤ ਸਿੰਘ ਰੋਮਾਣਾ, ਬਲਕਰਨ ਸਿੰਘ, ਅੰਗਰੇਜ਼ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਮਨਦੀਪ ਸਿੰਘ ਆਦਿ ਨੇ ਕਿਹਾ ਕਿ ਰੇਲਵੇ ਫਾਟਕਾਂ ਤੋਂ ਲੈ ਕੇ ਮੌੜ ਖੁਰਦ ਤੱਕ ਸੀਵਰੇਜ ਦਾ ਗੰਦਾ ਪਾਣੀ ਥਾਂ ਥਾਂ ਤੋਂ ਓਵਰਫਲੋ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਮੌੜ ਦੇ ਅਧਿਕਾਰੀਆਂ ਨੂੰ ਇਸ ਪ੍ਰਰੇਸ਼ਾਨੀ ਸਬੰਧੀ ਜਾਣੂ ਕਰਵਾ ਚੁੱਕੇ ਹਾਂ, ਪੰ੍ਤੂ ਲਾਰਿਆਂ ਤੋਂ ਸਿਵਾਏ ਇਨ੍ਹਾਂ ਨੇ ਲੋਕਾਂ ਦੇ ਪੱਲੇ ਕੱਖ ਵੀ ਨਹੀਂ ਪਾਇਆ, ਜਿਸ ਕਾਰਨ ਜਨਤਾ ਭਾਰੀ ਪ੍ਰਰੇਸ਼ਾਨੀ ਨਾਲ ਜੂਝ ਰਹੀ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੀਵਰੇਜ ਬੋਰਡ ਨੇ ਲੋਕਾਂ ਨੂੰ ਗੰਦੇ ਪਾਣੀ ਤੋਂ ਨਿਯਾਤ ਨਾ ਦਿਵਾਈ ਤਾਂ ਉਹ ਦੁਆਰਾ ਫਿਰ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਗੇ।

ਉੱਧਰ ਵਾਰਡ ਨੰਬਰ 4 ਮੌੜ ਕਲਾਂ ਦੇ ਮੱਖਣ ਸਿੰਘ, ਜੰਟਾ ਸਿੰਘ, ਰਾਜ ਸਿੰਘ, ਭੋਲਾ ਸਿੰਘ ਆਦਿ ਨੇ ਕਿਹਾ ਕਿ ਮੌੜ ਕਲਾਂ ਵਾਸੀ ਸੀਵਰੇਜ ਦੇ ਗੰਦੇ ਪਾਣੀ ਨਾਲ ਪਿਛਲੇ ਪੰਜ ਮਹੀਨਿਆਂ ਤੋਂ ਜੂਝ ਰਹੇ ਹਨ ਅਤੇ ਸੀਵਰੇਜ ਦੇ ਓਵਰਫਲੋ ਹੋ ਰਹੇ ਗੰਦੇ ਪਾਣੀ ਕਾਰਨ ਗਲੀਆਂ ਨੇ ਛੱਪੜਾਂ ਦਾ ਰੂਪ ਧਾਰਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਕਾਰਨ ਜਿੱਥੇ ਲੋਕਾਂ ਨੂੰ ਆਪਣੇ ਘਰਾਂ 'ਚ ਬਦਬੂ ਅਤੇ ਆਉਣ ਜਾਣ ਲਈ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਮੌੜ ਕਲਾਂ ਦੀਆਂ ਗਲੀਆਂ ਅਤੇ ਮੌੜ ਖੁਰਦ ਰੋਡ 'ਤੇ ਲੀਕ ਹੋ ਰਹੇ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ, ਤਾਂ ਜੋ ਲੋਕਾਂ 'ਚ ਭਿਆਨਿਕ ਬਿਮਾਰੀਆਂ ਫੈਲਣ ਤੋਂ ਬਚਾਅ ਹੋ ਸਕੇ।ਇਸ ਸਬੰਧੀ ਜਦ ਸੀਵਰੇਜ ਬੋਰਡ ਦੇ ਜੇਈ ਗੁਰਪ੍ਰਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਕੀ ਥਾਵਾਂ ਤੋਂ ਤਾਂ ਸੀਵਰੇਜ ਸਿਸਟਮ ਠੀਕ ਕਰ ਦਿੱਤਾ ਹੈ ਅਤੇ ਇਹ ਸਮੱਸਿਆ ਵੀ ਕੱਲ੍ਹ ਤੱਕ ਠੀਕ ਹੋ ਜਾਵੇਗੀ।