ਪੱਤਰ ਪ੍ਰਰੇਰਕ, ਬਰੇਟਾ : ਸ਼ਹਿਰ ਵਿਚ ਪਾਇਆ ਗਿਆ ਸੀਵਰੇਜ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਸ਼ਹਿਰ ਵਿਚ ਸੜਕਾਂ 'ਤੇ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਗੰਦਗੀ ਪੈਦਾ ਕਰ ਦਿੰਦਾ ਹੈ। ਉੱਥੇ ਹੀ ਸੜਕਾਂ ਨੂੰ ਥਾਂ-ਥਾਂ ਤੋਂ ਤੋੜ ਦਿੰਦਾ ਹੈ। ਸ਼ਹਿਰ ਵਿਚ ਅਨੇਕਾਂ ਅਜਿਹੀਆਂ ਗਲੀਆਂ ਹਨ, ਜਿੱਥੇ ਸੀਵਰੇਜ ਦਾ ਪਾਣੀ ਸੜਕਾਂ 'ਤੇ ਵਹਿ ਰਿਹਾ ਹੈ। ਇਸੇ ਤਰ੍ਹਾਂ ਦਿਆਲਪੁਰਾ ਰੋਡ 'ਤੇ ਲੰਮੇ ਸਮੇਂ ਤੋਂ ਹੋ ਰਹੀ ਸੀਵਰੇਜ ਦੀ ਲੀਕੇਜ ਨੇ ਉੱਥੋਂ ਦੇ ਵਸਨੀਕਾਂ ਅਤੇ ਰਹਗੀਰਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਦਾ ਵਿਕਾਸ ਪੱਖੋਂ ਬੁਰਾ ਹਾਲ ਹੋਇਆ ਪਿਆ ਹੈ। ਜਾਖਲ ਬੁਢਲਾਡਾ ਰੋਡ 'ਤੇ ਜਾਣ ਲਈ ਇਹੋ ਰਸਤਾ ਹੀ ਥੋੜਾ ਜਿਹਾ ਸਾਫ਼ ਦਿਖਾਈ ਦਿੰਦਾ ਸੀ, ਪਰ ਵਿਭਾਗ ਦੀ ਨਲਾਇਕੀ ਕਾਰਨ ਸੀਵਰੇਜ ਦੇ ਓਵਰਫਲੋਅ ਹੋਣ ਕਾਰਨ ਇਸ ਸੜਕ ਤੋਂ ਵੀ ਹੁਣ ਲੋਕਾਂ ਨੂੰ ਲੰਘਣ ਲਈ ਨੱਕ ਦਬਾਕੇ ਗੁਜਰਨਾ ਪੈ ਰਿਹਾ ਹੈ। ਜਿਸ ਨਾਲ ਉਨ੍ਹਾਂ ਨੂੰ ਆਪਣੇ ਬੇਸ਼ਕੀਮਤੀ ਵਹੀਕਲ ਵੀ ਨੁਕਸਾਨੇ ਜਾਣ ਦਾ ਡਰ ਬਣਿਆ ਰਹਿੰਦਾ ਹੈ ਕਿਉਂਕਿ ਸ਼ਹਿਰ ਦੀਆਂ ਹੋਰ ਪ੍ਰਮੱੁਖ ਸੜਕਾਂ ਵੀ ਲੰਮੇ ਸਮੇਂ ਤੋਂ ਦੁਆਰਾ ਬਣਾਏ ਜਾਣ ਨੂੰ ਉਡੀਕ ਕਰ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਸ਼ਹਿਰ ਦੀਆਂ ਸੜਕਾਂ ਨੂੰ ਬਣਾਉਣ ਲਈ ਮੌਜੂਦਾ ਸਰਕਾਰ ਦੇ ਕੁਝ ਸਿਆਸੀ ਆਗੂਆਂ ਵੱਲੋਂ ਟੱਕ ਲਗਾਕੇ ਖੂਬ ਸੁਰਖੀਆਂ ਬਟੋਰੀਆਂ ਸਨ, ਜਿਸ ਦਾ ਅਜੇ ਤਕ ਕੋਈ ਸਾਰਥਿਕ ਨਤੀਜਾ ਨਹੀਂ ਨਿਕਲਿਆ। ਇਸ ਗੱਲ ਦਾ ਹਾਲੇ ਕੋਈ ਅੰਦਾਜਾ ਨਹੀਂ ਲਾਇਆ ਜਾ ਸਕਦਾ ਕਿ ਥਾਂ-ਥਾਂ ਤੋਂ ਟੁੱਟੀਆਂ ਸੜਕਾਂ ਅਤੇ ਹੋਏ ਓਵਰਫਲੋਅ ਸੀਵਰੇਜ ਤੋਂ ਲੋਕਾਂ ਨੂੰ ਕਦੋ ਨਿਯਾਤ ਮਿਲੇਗੀ। ਇਸ ਬਾਰੇ ਜਦੋ ਵਿਭਾਗ ਦੇ ਜੇਈ ਰਮਨੀਕ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਹਰ ਵਾਰ ਦੀ ਤਰ੍ਹਾਂ ਕਿਹਾ ਕਿ ਇਕ ਹਫ਼ਤੇ ਦੇ ਅੰਦਰ ਅੰਦਰ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ।