ਸੁਰਿੰਦਰ ਲਾਲੀ, ਮਾਨਸਾ : ਲੋਕ ਸਭਾ ਚੋਣਾ-2019 ਲਈ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਮਾਨਸਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ ਲਈ ਲਾਏ ਗਏ ਚੋਣ ਅਮਲੇ ਦੀ ਅੱਜ ਪਹਿਲੀ ਰਿਹਰਸਲ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ, ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਅਤੇ ਮਨੂਵਾਟਿਕਾ ਸਕੂਲ ਬੁਢਲਾਡਾ ਵਿਖੇ ਕਰਵਾਈ ਗਈ। ਇਸ ਵਿਚ ਜ਼ਿਲ੍ਹਾ ਪ੍ਰਸਾਸ਼ਨ ਨੇ ਚੋਣ ਅਮਲੇ ਨੂੰ ਚੋਣ ਡਿਊਟੀ ਨੂੰ ਗੰਭੀਰਤਾ ਨਾਲ ਨਿਭਾਉਣ ਦੀ ਹਦਾਇਤ ਕੀਤੀ। ਰਿਹਰਸਲ ਦੌਰਾਨ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐੱਸਡੀਐੱਮ ਮਾਨਸਾ ਅਭੀਜੀਤ ਕਪਲਿਸ਼ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਚੋਣ ਅਮਲੇ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਦੀ ਹਾਜ਼ਰੀ ਚੈਕ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨਰ ਵੱਲੋਂ ਸਾਨੂੰ ਬਹੁਤ ਹੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਲਈ ਹਰੇਕ ਅਧਿਕਾਰੀ ਅਤੇ ਕਰਮਚਾਰੀ ਦਾ ਫ਼ਰਜ਼ ਹੈ ਕਿ ਉਹ ਆਪਣੀ ਡਿਊਟੀ ਪੂਰੀ ਗੰਭੀਰਤਾ, ਤਨਦੇਹੀ ਅਤੇ ਇਮਾਨਦਾਰੀ ਨਾਲ ਨੇਪਰੇ ਚਾੜ੍ਹੇ, ਤਾਂ ਜੋ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ। ਉਨ੍ਹਾਂ ਨਾਲ ਹੀ ਕਿਹਾ ਕਿ ਟ੍ਰੇਨਿੰਗ ਦੌਰਾਨ ਹਰ ਇੱਕ ਗੱਲ ਨੂੰ ਬਹੁਤ ਸੰਜੀਦਗੀ ਅਤੇ ਧਿਆਨ ਨਾਲ ਸੁਣਿਆ ਜਾਵੇ, ਤਾਂ ਜੋ ਚੋਣਾਂ ਦੌਰਾਨ ਕੋਈ ਦਿੱਕਤ ਸਾਹਮਣੇ ਨਾ ਆਵੇ।

ਟ੍ਰੇਨਿੰਗ ਦੌਰਾਨ ਟ੍ਰੇਨਰਾਂ ਵੱਲੋਂ ਚੋਣ ਅਮਲੇ ਨੂੰ ਚੋਣਾਂ ਦੀ ਪੋਿਲੰਗ ਤੋਂ ਲੈ ਕੇ ਗਿਣਤੀ ਤੱਕ ਦੀ ਸਾਰੀ ਜਾਣਕਾਰੀ ਵਿਸਥਾਰ ਪੂਰਵਕ ਸਮਝਾਈ ਗਈ। ਚੋਣ ਅਮਲੇ ਨੂੰ ਈਵੀਐੱਮ (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਅਤੇ ਵੀਵੀਪੈਟ (ਵੋਟਰ ਵੈਰੀਫਾਇਡ ਪੇਪਰ ਆਡਿਟ ਟੇ੍ਲ) ਦੀ ਸਮੁੱਚੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਵੀਵੀਪੈਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਇੱਕ ਅਜਿਹੀ ਮਸ਼ੀਨ ਹੈ, ਜਿਸ ਰਾਹੀਂ ਵੋਟਰ ਇਸ ਗੱਲ ਦੀ ਪੁਸ਼ਟੀ ਕਰਨ ਲਈ ਦੇਖ ਸਕਦਾ ਹੈ ਕਿ ਉਸ ਦੀ ਵੋਟ ਉਸ ਦੇ ਪਸੰਦ ਦੇ ਉਮੀਦਵਾਰ ਨੂੰ ਹੀ ਪਈ ਹੈ। ਟ੍ਰੇਨਰਾਂ ਵੱਲੋਂ ਚੋਣ ਅਮਲੇ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਚੋਣਾਂ ਨਾਲ ਸਬੰਧਿਤ ਹੋਰ ਤੱਥਾਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਚੋਣ ਸਮੱਗਰੀ ਲੈਣ ਸਮੇਂ ਅਤੇ ਵੋਟਾਂ ਪੁਆਉਣ ਉਪਰੰਤ ਪੂਰੀ ਮੁਸ਼ਤੈਦੀ ਨਾਲ ਧਿਆਨ ਰੱਖਿਆ ਜਾਵੇ, ਤਾਂ ਜੋ ਚੋਣਾਂ ਵਿਚ ਕਿਸੇ ਕਿਸਮ ਦਾ ਵਿਘਨ ਨਾ ਪੈ ਸਕੇ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਉਂਗਲ 'ਤੇ ਨਿਸ਼ਾਨ ਲਾਉਣ ਦਾ ਖ਼ਾਸ ਧਿਆਨ ਰੱਖਿਆ ਜਾਵੇ।