ਪੱਤਰ ਪ੍ਰਰੇਰਕ, ਮਾਨਸਾ : ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਲੋਕਾਂ ਨੂੰ ਨਿੱਜੀ ਕਾਮਿਆਂ ਦੀ ਰਜਿਸਟ੍ਰੇਸ਼ਨ ਦੇ ਨਾਮ 'ਤੇ ਪੈਸੇ ਲੈਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਇਹ ਰਜਿਸਟੇ੍ਸ਼ਨ ਬਿਲਕੁੱਲ ਮੁਫ਼ਤ ਕੀਤੀ ਜਾਂਦੀ ਹੈ ਅਤੇ ਇਸ ਦੀ ਰਜਿਸਟ੍ਰੇਸ਼ਨ ਲਈ ਕਿਸੇ ਵੀ ਵਿਅਕਤੀ ਨੂੰ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਨਿੱਜੀ ਕਾਮਿਆਂ ਨੂੰ ਰਜਿਸਟ੍ਰੇਸ਼ਨ ਦੇ ਬਦਲੇ ਕੋਈ ਵਿੱਤੀ ਲਾਭ ਦਿੱਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਸ਼ਰਾਰਤੀ ਅਨਸਰ ਨਿੱਜੀ ਕਾਮਿਆਂ ਦੀ ਰਜਿਸਟ੍ਰੇਸ਼ਨ ਤੋਂ ਹੋਣ ਵਾਲੇ ਫਾਇਦਿਆਂ ਦੇ ਨਾਮ 'ਤੇ ਲੋਕਾਂ ਤੋਂ ਪੈਸਿਆਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਰਜਿਸਟ੍ਰੇਸ਼ਨ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਸਿਰਫ਼ 2 ਰੁਪਏ ਵਿੱਚ ਉਪਲੱਬਧ ਹੈ।

ਉਨ੍ਹਾਂ ਕਿਹਾ ਕਿ ਜੇਕਰ ਆਸ-ਪਾਸ ਕੋਈ ਵਿਅਕਤੀ ਇਸ ਸਕੀਮ ਅਧੀਨ ਪੈਸਿਆਂ ਦੀ ਮੰਗ ਕਰਦਾ ਨਜ਼ਰ ਆਉਂਦਾ ਹੈ, ਤਾਂ ਉਸ ਦੀ ਰਿਪੋਰਟ ਤੁਰੰਤ ਸੇਵਾ ਕੇਂਦਰ ਦੇ ਇੰਚਾਰਜ ਅਨਮੋਲ ਗਰਗ ਨੂੰ ਉਨ੍ਹਾਂ ਦੇ ਮੋਬਾਈਲ ਨੰਬਰ 098182-45601 'ਤੇ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਠੱਗੀ ਮਾਰਨ ਵਾਲੇ ਅਜਿਹੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨਿੱਜੀ ਕਾਮਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਨਜ਼ਦੀਕੀ ਸੇਵਾ ਕੇਂਦਰਾਂ ਵਿੱਚ ਜਾ ਕੇ ਖੁਦ ਨੂੰ ਰਜਿਸਟਰਡ ਕਰਵਾਉਣ ਅਤੇ ਇਸ ਸਕੀਮ ਰਾਹੀਂ ਮਿਲਣ ਵਾਲੇ ਲਾਭ ਪ੍ਰਰਾਪਤ ਕਰਨ। ਉਨ੍ਹਾਂ ਦੱਸਿਆ ਕਿ ਮਾਨਸਾ ਹਲਕੇ ਅੰਦਰ ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ, ਵਾਰਡ ਨੰਬਰ 1 ਸਾਹਮਣੇ ਸ਼ਨੀ ਮੰਦਿਰ, ਨੇੜੇ ਵਾਟਰ ਵਰਕਸ ਭੀਖੀ, ਨੇੜੇ ਬਿਜਲੀ ਬੋਰਡ ਦਫ਼ਤਰ ਜੋਗਾ ਅਤੇ ਪਿੰਡ ਦੁਲੋਵਾਲ ਤੇ ਮੱਤੀ ਵਿਖੇ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸੇ ਤਰ੍ਹਾਂ ਬੁਢਲਾਡਾ ਸਬ-ਡਵੀਜ਼ਨ ਵਿੱਚ ਵਾਟਰ ਵਰਕਸ ਬਰੇਟਾ, ਐੱਸਡੀਐੱੱਮ ਦਫ਼ਤਰ ਬੁਢਲਾਡਾ, ਬਰੇ੍ਹ, ਦੋਦੜਾ ਅਤੇ ਪਿੰਡ ਕੁਲਰੀਆਂ ਵਿਖੇ ਸੇਵਾ ਕੇਂਦਰ ਸਥਾਪਿਤ ਹਨ। ਇਸ ਤੋਂ ਇਲਾਵਾ ਸਰਦੂਲਗੜ੍ਹ ਵਿਖੇ ਐੱਸਡੀਐੱਮ ਦਫ਼ਤਰ, ਰਾਏਪੁਰ ਅਤੇ ਫਤਿਹਗੜ੍ਹ ਸਾਹਨੇਵਾਲੀ ਵਿਖੇ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ।