ਸੁਰਿੰਦਰ ਲਾਲੀ, ਮਾਨਸਾ : ਸਥਾਨਕ ਸ਼ਹਿਰ ਦੇ ਵਿਚਕਾਰ ਪੈਂਦੇ ਰੇਲਵੇ ਸਟੇਸ਼ਨ ਦੀ ਲੋਡਿੰਗ ਅਣਲੋਡਿੰਗ ਪਲੇਟੀ ਕਰਕੇ ਸਮੱਸਿਆਵਾਂ ਨਾਲ ਜੂਝ ਰਹੇ ਸ਼ਹਿਰ ਵਾਸੀਆਂ ਨੇ ਅੱਜ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਵਾਇਸ ਆਫ ਮਾਨਸਾ ਸੰਸਥਾ ਨਾਲ ਮਿਲ ਕੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਬਾਦਲ ਨੂੰ ਮੰਗ ਪੱਤਰ ਦਿੱਤਾ। ਇਸ ਮੰਗ ਪੱਤਰ ਵਿਚ ਸਭ ਤੋਂ ਪਹਿਲਾਂ ਪਿਛਲੇ ਦਿਨੀਂ ਨਵੀਂ ਸ਼ੁਰੂ ਕੀਤੀ ਗਈ ਐੱਸਐੱਫ ਐਕਸਪ੍ਰਰੈੱਸ ਗੱਡੀ ਨੰ 20409 ਅਤੇ 20410 ਦੇ ਮਾਨਸਾ ਵਿਖੇ ਪੱਕੇ ਸਟਾਪ ਕੀਤੇ ਜਾਣ ਦੀ ਮੰਗ ਕੀਤੀ ਗਈ ਤਾਂ ਜੋ ਸ਼ਾਮ ਨੂੰ ਮਾਨਸਾ ਤੋਂ ਦਿੱਲੀ ਜਾਣ ਲਈ ਇਸ ਗੱਡੀ ਦੀ ਸਹੂਲਤ ਦਾ ਸਾਰੇ ਯਾਤਰੀ ਫਾਇਦਾ ਲੈ ਸਕਣ। ।ਵਾਇਸ ਆਫ ਮਾਨਸਾ ਵਲੋਂ ਪ੍ਰਧਾਨ ਡਾ ਜਨਕ ਰਾਜ ਨੇ ਬੀਬਾ ਹਰਸਿਮਰਤ ਬਾਦਲ ਨੂੰ ਵਿਸਥਾਰ ਵਿਚ ਰੇਲਵੇ ਨਾਲ ਸਬੰਧਿਤ ਮੰਗਾਂ ਦੀ ਜਾਣਕਾਰੀ ਦਿੱਤੀ ਅਤੇ ਪਿਛਲੇ ਸਮੇਂ ਉਹਨਾਂ ਵਲੋਂਂ ਸੰਸਦ ਵਿਚ ਉਠਾਏ ਇਸ ਮੁੱਦੇ ਲਈ ਬੀਬਾ ਦਾ ਧੰਨਵਾਦ ਵੀ ਕੀਤਾ । ਇਸਦੇ ਨਾਲ ਹੀ ਰੇਲਵੇ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਐਮਸੀ ਜਤਿੰਦਰ ਆਗਰਾ ਨੇ ਮਾਨਸਾ ਸ਼ਹਿਰ ਵਿਚੋਂ ਲੋਡਿੰਗ ਅਣਲੋਡਿੰਗ ਦੀ ਪਲੇਟੀ ਦੀ ਜਗ੍ਹਾ ਤਬਦੀਲ ਕਰਨ ਦੇ ਨਾਲ ਕੋਵਿਡ ਕਰਕੇ ਬੰਦ ਕੀਤੀਆਂ ਗਈਆਂ ਟਰੇਨਾਂ ਦੋਬਾਰਾ ਚਲਾਉਣ, ਰੇਲਵੇ ਸਟੇਸ਼ਨ ਉਪਰ ਕੈਂਟੀਨ ਦੀ ਸਹੂਲਤ ਸਮੇਤ ਫੁੱਟ ਓਵਰ ਬਰਿੱਜ ਦੀ ਵੀ ਮੰਗ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਮੋਜੂਦ ਡਾ ਲਖਵਿੰਦਰ ਮੂਸਾ, ਨਰਿੰਦਰ ਗੁਪਤਾ, ਵਿਸ਼ਵਦੀਪ ਬਰਾੜ ਵਲੋਂ ਰੇਲਵੇ ਵਲੋਂ ਇਕ ਟਿਕਟ ਘਰ ਪਲੇਟਫਾਰਮ ਦੇ ਦੂਜੇ ਪਾਸੇ ਬਣਾਏ ਜਾਣ ਦੀ ਵੀ ਮੰਗ ਕੀਤੀ ਅਤੇ ਨਾਲ ਹੀ ਫੁੱਟ ਓਵਰ ਬਰਿੱਜ ਨੂੰ ਵਧਾਉਣ ਦਾ ਵੀ ਮੁੱਦਾ ਉਠਾਇਆ। ਬੀਬਾ ਹਰਸਿਮਰਤ ਕੌਰ ਬਾਦਲ ਨੇ ਸਾਰੀਆਂ ਮੰਗਾਂ ਤੇ ਤੁਰੰਤ ਵਿਚਾਰ ਕਰਕੇ ਉਹਨਾਂ ਦੇ ਪੂਰਨ ਤੱਥ ਇਕੱਠੇ ਕਰਕੇ ਜਲਦੀ ਰੇਲਵੇ ਮੰਤਰੀ ਨੂੰ ਮਿਲ ਕੇ ਸਾਰੇ ਮਸਲੇ ਹੱਲ ਕਰਾਉਣ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਕਿਹਾ ਕਿ ਉਹਨਾਂ ਵਲੋਂ ਅਹਿਮ ਮਸਲਾ ਪਹਿਲਾਂ ਹੀ ਪਾਰਲੀਮੈਂਟ ਵਿਚ ਉਠਾਏ ਜਾਣ ਕਰਕੇ ਹੱਲ ਹੋਣ ਦੀ ਸੰਭਾਵਨਾ ਪੂਰੀ ਹੈ। ਸ਼ਹਿਰ ਦੀਆਂ ਹੋਰ ਸੰਸਥਾਵਾਂ ਦੇ ਮੈਂਬਰਾਂ ਵਲੋਂ ਵੀ ਇਸ ਮੌਕੇ ਬੀਬਾ ਬਾਦਲ ਨਾਲ ਮੁਲਾਕਾਤ ਕੀਤੀ ਗਈ।