ਸੁਰਿੰਦਰ ਲਾਲੀ, ਮਾਨਸਾ : ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਜਥੇਬੰਦੀਆਂ ਦਾ ਧਰਨਾ ਮਾਨਸਾ ਦੇ ਰੇਲਵੇ ਸਟੇਸ਼ਨ, ਥਰਮਲ ਪਲਾਂਟ ਬਣਾਵਾਲਾ, ਰਿਲਾਇੰਸ ਪੈਟਰੋਲ ਪੰਪ ਅਤੇ ਥਰਮਲ ਪਲਾਂਟ ਬਣਾਵਾਲੀ ਨੂੰ ਜਾਂਦੀ ਰੇਲਵੇ ਲਾਇਨ ਤੇ ਧਰਨਾ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਧਰਨੇ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਾਨੂੰਨ ਵਾਪਿਸ ਕਰਵਾਉਣ ਤੱਕ ਇਹ ਸੰਘਰਸ਼ ਉਪਰੋਕਤ ਥਾਂਵਾ ਤੇ ਲਗਾਤਾਰੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਲਿਆਂਦੇ ਕਾਨੂੰਨਾਂ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਵੀ ਅੰਦੋਲਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਛੋਟੇ ਕਿਸਾਨਾਂ ਦੀ ਜ਼ਮੀਨ ਹੜੱਪ ਕਰ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਵੀ ਮੰਡੀਆਂ ਵਿੱਚ ਜੀਰੀ ਦੀ ਖਰੀਦ ਨੂੰ ਲੈ ਕੇ ਕਾਰਪੋਰੇਟ ਘਰਾਣਿਆਂ ਵੱਲੋਂ ਅੰਨੀ ਲੁੱਟ ਮਚਾਈ ਹੋਈ ਹੈ। ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਮੋਦੀ ਸਰਕਾਰ ਉਨ੍ਹਾਂ ਘਰਾਣਿਆਂ ਨਾਲ ਮਿਲੀ ਹੋਈ ਹੈ। ਇਸ ਮੌਕੇ ਰਜਿੰਦਰ ਸਿੰਘ ਬੱਗੀ ਮੌੜ ਚੜ੍ਹਤ ਸਿੰਘ, ਜਗਦੇਵ ਸਿੰਘ ਜੱਗਾ ਬਹਿਮਣ, ਹਰਚੰਦ ਸਿੰਘ ਘੁਦੂਵਾਲਾ ਆਦਿ ਹਾਜ਼ਰ ਸਨ।