ਪਿੰਡਾਂ ਵਿਚ ਲੋਕਾਂ ਨੂੰ ਕੀਤਾ ਜਾਗਰੂਕ ਅਤੇ ਲਗਾਈ ਪ੍ਰਚਾਰ ਸਮੱਗਰੀ

ਕੁਲਵਿੰਦਰ ਸਿੰਘ ਚਹਿਲ, ਬੁਢਲਾਡਾ : ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਸਜਾ ਰੱਦ ਕਰਵਾਉਣ ਸਬੰਧੀ ਪਟਿਆਲਾ ਵਿਖੇ ਲਗਾਏ ਜਾ ਰਹੇ ਮੋਰਚੇ ਦੀ ਪ੍ਰਚਾਰ ਸਮੱਗਰੀ ਨਜਦੀਕੀ ਪਿੰਡਾਂ ਵਿਚ ਲਗਾਈ ਗਈ ਅਤੇ ਲੋਕ ਨੂੰ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਸੱਤਪਾਲ ਸਿੰਘ ਤੇ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਨੇ ਗੁਰਨੇ ਕਲਾਂ ਨੇ ਦੱਸਿਆ ਕਿ ਹਲਕੇ ਦੇ ਪਿੰਡ ਗੁਰਨੇ ਕਲਾਂ, ਗੁਰਨੇ ਖੁਰਦ, ਬੀਰੋਕੇ ਖੁਰਦ, ਬੋੜਾਵਾਲ, ਫਫੜੇ ਭਾਈਕੇ, ਅਹਿਮਦਪੁਰ, ਮੱਲ ਸਿੰਘ ਵਾਲਾ, ਰਾਮਨਗਰ ਭੱਠਲ, ਆਲਮਪੁਰ ਮੰਦਰਾਂ ਆਦਿ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਪੋਸਟਰ ਲਾਏ ਗਏ। ਉਨ੍ਹਾਂ ਦੱਸਿਆ ਕਿ ਮਹਿਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਾਲੇ ਮਨਜੀਤ ਸਿੰਘ ਧਨੇਰ ਨੂੰ ਇਕ ਝੂਠੇ ਅਤੇ ਪੁਲਸ ਸਿਆਸੀ ਗੁੰਡਾ ਗਠਜੋੜ ਵੱਲੋਂ ਸਾਜਿਸ਼ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਰੱਦ ਕਰਵਾਉਣ ਲਈ ਸੂਬੇ ਦੀਆਂ ਅਗਾਂਹਵਧੂ ਸੋਚ ਰੱਖਣ ਵਾਲੀਆਂ ਦਰਜਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ 20 ਸਤੰਬਰ ਨੂੰ ਪਟਿਆਲੇ ਅਣਮਿੱਥੇ ਸਮੇਂ ਲਈ ਮੋਰਚਾ ਲਗਾਇਆ ਜਾਵੇਗਾ। ਜਿਸ ਦੀ ਤਿਆਰੀ ਵਜੋਂ ਮੀਟਿੰਗਾਂ ਕਰਵਾਈਆਂ ਗਈਆਂ ਅਤੇ ਕੰਧਾਂ 'ਤੇ ਪੋਸਟਰ ਲਾਏ ਗਏ ਅਤੇ ਉਸ ਧਰਨੇ ਲਈ ਲੰਗਰ ਦਾ ਪ੍ਰਬੰਧ ਕਰਨ ਲਈ ਰਾਸ਼ਨ ਇਕੱਠਾ ਕੀਤਾ ਗਿਆ। ਜਿਸ ਨੂੰ ਪਿੰਡਾਂ ਦੇ ਲੋਕਾਂ ਨੇ ਪੂਰਾ ਸਹਿਯੋਗ ਕੀਤਾ। ਇਸ ਮੌਕੇ ਬਲਾਕ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਅਹਿਮਦਪੁਰ, ਰਾਮਫਲ ਸਿੰਘ ਬਹਾਦਰਪੁਰ ਅਤੇ ਪ੍ਰਰੈਸ ਸਕੱਤਰ ਤਰਨਜੀਤ ਸਿੰਘ ਆਲਮਪੁਰ ਮੰਦਰਾਂ ਨੇ ਸੰਬੋਧਨ ਕੀਤਾ।