ਸੰਦੀਪ ਜਿੰਦਲ, ਭੀਖੀ : ਸਬ ਡਵੀਜਨ ਭੀਖੀ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਰੈਲੀ ਮੌਕੇ ਸਰੀਰਕ ਦੂਰੀ ਦਾ ਪੂਰਾ ਧਿਆਨ ਰੱਖਿਆ ਗਿਆ। ਰੈਲੀ ਵਿੱਚ ਸ਼ਾਮਿਲ ਆਗੂਆਂ ਵੱਲੋਂ ਬਿਜਲੀ ਬਿੱਲ 2020 ਰੱਦ ਕਰਾਉਣ, ਸਰਕਾਰੀ ਥਰਮਲ ਚਾਲੂ ਕਰਾਉਣ, ਬਠਿੰਡਾ ਥਰਮਲ ਦੀ 1764 ਏਕੜ ਬੇਸ਼ਕੀਮਤੀ ਜ਼ਮੀਨ ਵੇਚਣ ਦਾ ਫੈਸਲਾ ਰੱਦ ਕਰਾਉਣ, ਬਿਜਲੀ ਸੋੋਧ ਬਿੱਲ 2020 ਵਾਪਸ ਕਰਾਉਣ, ਡਿਸਮਿਸ ਆਗੂਆਂ ਨੂੰ ਬਹਾਲ ਕਰਾਉਣ, ਕੱਚੇ ਕਾਮੇ ਪੱਕੇ ਕਰਾਉਣ, ਸੀਐੱਚਬੀ, ਠੇਕਾ ਕਾਮਿਆਂ ਦੀਆਂ ਛਾਂਟੀਆਂ ਬੰਦ ਕਰਾਉਣ, ਤਨਖਾਹਾਂ ਸਮੇਂ ਸਿਰ ਦੇਣਾ ਯਕੀਨੀ ਬਣਾਉਣ ਲਈ, ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਖ਼ਿਲਾਫ਼ ਝੂਠੇ ਪਰਚੇ ਰੱਦ ਕਰਾਉਣ, ਬਿਜਲੀ ਕਾਮਿਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕਰਾਉਣ ਲਈ, ਖੇੇਤੀ ਵਿਰੋਧੀ ਤਿੰਨ ਆਰਡੀਨੈਂਸ, ਬਿਜਲੀ ਸੋਧ ਬਿੱਲ, ਮਾਇਕਰੋ ਫਾਇਨਾਂਸ ਕੰਪਨੀਆਂ ਦੇ ਖ਼ਿਲਾਫ਼ ਕਿਸਾਨਾਂ/ਮਜ਼ਦੂਰਾਂ ਦੇੇ ਚੱਲ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਅਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ।

ਇਸ ਦੌਰਾਨ ਆਗੂਆਂ ਕਿਹਾ ਕਿ ਅੱਜ ਜਦੋਂ ਸਾਰਾ ਮੁਲਕ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ, ਕੇਂਦਰ ਤੇ ਰਾਜ ਸਰਕਾਰਾਂ ਪੀੜਤ ਲੋਕਾਂ ਨੂੰ ਕੋਈ ਰਾਹਤ ਪਹੁੰਚਾਉਣ ਦੀ ਬਜਾਏ ਮਹਾਮਾਰੀ ਦੀ ਆੜ 'ਚ ਮੁਲਾਜ਼ਮ ਤੇ ਲੋਕ ਵਿਰੋਧੀ ਫੈਸਲੇ ਲੈ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਬਿਜਲੀ ਬਿੱਲ-2020 ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਵੰਡ ਖੇਤਰ ਦਾ ਮੁਕੰਮਲ ਨਿੱਜੀਕਰਨ ਹੋ ਜਾਵੇਗਾ, ਬਿਜਲੀ ਸਬਸਿਡੀ ਦਾ ਖਾਤਮਾ ਹੋ ਜਾਵੇਗਾ। ਸਰਕਾਰੀ ਥਰਮਲ ਬੰਦ ਕਰਨ ਤੇ ਬਠਿੰਡਾ ਥਰਮਲ ਦੀ ਜ਼ਮੀਨ ਵੇਚਣ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਕਿਹਾ ਕਿ ਸਾਲ 2010 'ਚ ਅਕਾਲੀ ਭਾਜਪਾ ਸਰਕਾਰ ਵੱਲੋਂ ਬਿਜਲੀ ਬੋਰਡ ਭੰਗ ਕਰਕੇ ਨਿੱਜੀ ਬਿਜਲੀ ਕੰਪਨੀਆਂ ਨਾਲ ਲੋਕ ਦੋਖੀ ਬਿਜਲੀ ਖਰੀਦ ਸਮਝੌਤੇ ਕੀਤੇ ਗਏ। ਇਹਨਾਂ ਸਮਝੌਤਿਆਂ ਤਹਿਤ ਹਜ਼ਾਰਾਂ ਕਰੋੜਾਂ ਰੁਪਏ ਬਿਨਾਂ ਬਿਜਲੀ ਖਰੀਦਿਆ ਪ੍ਰਰਾਈਵੇਟ ਕੰਪਨੀਆਂ ਨੂੰ ਲੁਟਾਏ ਗਏ। ਨਿੱਜੀ ਬਿਜਲੀ ਕੰਪਨੀਆਂ ਤੋਂ ਮਹਿੰਗੀ ਬਿਜਲੀ ਖਰੀਦਕੇ ਸਰਕਾਰੀ ਬਿਜਲੀ ਕੰਪਨੀਆਂ ਦਾ ਘਾਟਾ ਵਧਾਇਆ ਗਿਆ। ਆਗੂਆਂ ਕਿਹਾ ਕਿ ਹੁਣ ਕਾਂਗਰਸ ਸਰਕਾਰ ਵੱਲੋਂ ਘਾਟਾ ਦੂਰ ਕਰਨ ਦੇ ਬਹਾਨੇ ਹੇਠ ਸਰਕਾਰੀ ਥਰਮਲ ਬੰਦ ਕਰਨ ਅਤੇ ਬਠਿੰਡਾ ਥਰਮਲ ਦੀ ਜਮੀਨ ਵੇਚਣ ਦੇ ਫੈਸਲੇ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਇਹਨਾਂ ਮੁਲਾਜ਼ਮ ਅਤੇ ਲੋਕ ਦੋਖੀ ਫੈਸਲਿਆਂ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਡਵੀਜ਼ਨ ਪ੍ਰਧਾਨ ਜਸਪਾਲ ਸਿੰਘ ਅਤਲਾ, ਸ/ਡ ਪ੍ਰਧਾਨ ਕੇਵਲ ਸਿੰਘ ਫਰਵਾਹੀ, ਸੀ.ਐਚ.ਬੀ ਦੇ ਪ੍ਰਧਾਨ ਗੁਰਸੇਵਕ ਸਿੰਘ ਬੱਪੀਆਣਾ, ਪ੍ਰਰੈਸ ਸਕੱਤਰ ਅਵਤਾਰ ਕੋਟੜਾ ਆਦਿ ਹਾਜ਼ਰ ਸਨ।