ਸੰਦੀਪ ਜਿੰਦਲ, ਭੀਖੀ : ਟੈਕਨੀਕਲ ਸਰਵਿਸਿਜ ਯੂਨੀਅਨ ਵੱਲੋਂ ਸਬ ਡਵੀਜਨ ਭੀਖੀ ਵਿਖੇ ਐੱਸਡੀਓ ਖ਼ਿਲਾਫ਼ ਰੋਸ ਰੈਲੀ ਕੀਤੀ। ਇਸ ਮੌਕੇ ਬੋਲਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਸੀ। ਜਿਸ ਦਾ ਹੱਲ ਕਰਨ ਦੀ ਥਾਂ ਇੱਥੋਂ ਦੇ ਅਧਿਕਾਰੀ ਨੇ ਮੰਗਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਆਪਣੇ ਕੁਝ ਚਹੇਤੇ ਲੋਕਾਂ ਨੂੰ ਖੁਸ਼ ਕਰਨ ਲਈ ਬਹੁਤ ਸਾਰੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਦਾਅ 'ਤੇ ਲਾ ਰਹੇ ਹਨ। ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਲਾਈਨਮੈਨਾਂ ਦੀ ਠੀਕ ਵੰਡ ਕੀਤੀ ਜਾਵੇ, ਸਹਾਇਕ ਲਾਈਨਮੈਨਾਂ ਤੋਂ ਬਣਦੀ ਡਿਊਟੀ ਲਈ ਜਾਵੇ। ਇਸ ਤੋਂ ਇਲਾਵਾ ਦਫ਼ਤਰ ਵਿਚ ਕੰਮ ਕਰਦੇ ਟੈਕਨੀਕਲ ਕਾਮਿਆਂ ਨੂੰ ਬਾਹਰ ਫੀਲਡ 'ਚ ਲਗਾਇਆ ਜਾਵੇ। ਇਸ ਮੌਕੇ ਡਵੀਜ਼ਨ ਪ੍ਰਧਾਨ ਜਸਪਾਲ ਸਿੰਘ ਅਤਲਾ, ਸਾਬਕਾ ਪ੍ਰਧਾਨ ਭਰਪੂਰ ਸਿੰਘ ਭੀਖੀ, ਸ/ਡ ਭੀਖੀ ਦੇ ਪ੍ਰਧਾਨ ਕੇਵਲ ਸਿੰਘ ਫਰਵਾਹੀ, ਜਗਤਾਰ ਸਿੰਘ ਬੱਪੀਆਣਾ ਸਰਕਲ ਸਕੱਤਰ ਰਿਟਾਇਰ ਯੂਨੀਅਨ, ਪਾਵਰਕਾਮ ਟ੍ਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਕਾਲਾ ਸਿੰਘ ਸਮਾਉਂ ਹਾਜ਼ਰ ਹੋਏ। ਇਸ ਸਬੰਧੀ ਜਦ ਐੱਸਡੀਓ ਭੀਖੀ ਇੰਜ.ਗੁਰਦਾਸ ਚੰਦ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਜਲਦੀ ਹੀ ਸਾਰੇ ਮੁਲਾਜ਼ਮਾਂ ਨੂੰ ਬੁਲਾ ਕੇ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ।