ਪੱਤਰ ਪ੍ਰਰੇਰਕ, ਸਰਦੂਲਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਕਿਸਾਨਾਂ ਵੱਲੋਂ ਯੂਨੀਅਨ ਦੇ ਜ਼ਿਲ੍ਹਾ ਮੁਹਿੰਮ ਕਮੇਟੀ ਮੈਂਬਰ ਸਰਪੰਚ ਗੁਰਸੇਵਕ ਸਿੰਘ ਫੱਤਾ ਮਾਲੋਕਾ ਦੀ ਅਗਵਾਈ ਹੇਠ ਆਈਐੱਮਐੱਫ ਦਾ ਪੁਤਲਾ ਫੂਕਿਆ ਗਿਆ। ਸਮੂਹ ਕਿਸਾਨਾਂ ਅਤੇ ਯੂਨੀਅਨ ਵੱਲੋਂ ਬੱਸ ਅੱਡਾ ਚੌਕ ਵਿਖੇ ਜਿੱਥੇ ਆਈਐੱਮਐੱਫ ਦਾ ਪੁਤਲਾ ਫੂਕਿਆ ਗਿਆ, ਉੱਥੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਬੋਲਦਿਆਂ ਸਰਪੰਚ ਗੁਰਸੇਵਕ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਕਠਪੁਤਲੀ ਬਣ ਚੁੱਕੀ ਹੈ। ਕੇਂਦਰ ਦੀ ਮੋਦੀ ਸਰਕਾਰ ਆਏ ਦਿਨ ਦੇਸ਼ ਵਾਸੀਆਂ ਦੇ ਖ਼ਿਲਾਫ਼ ਫ਼ੈਸਲੇ ਲੈ ਰਹੀ ਹੈ ਅਤੇ ਮੁੱਠੀ ਭਰ ਲੋਕਾਂ ਦਾ ਪੱਖ ਪੂਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਖੇਤੀ ਕਾਲੇ ਕਾਨੂੰਨ ਵਾਪਿਸ ਨਹੀਂ ਲੈਂਦੀ ਤਾਂ ਇਸ ਦਾ ਭਾਰੀ ਹਰਜਾਨਾ ਭਾਜਪਾ ਨੂੰ ਭਰਨਾ ਪਵੇਗਾ ਤੇ ਇਹੀ ਕਾਲੇ ਕਾਨੂੰਨ ਨੂੰ ਦੇਸ਼ ਵਿੱਚ ਭਾਜਪਾ ਦੇ ਪਤਨ ਦਾ ਕਾਰਨ ਬਣਨਗੇ। ਇਸ ਮੌਕੇ ਬਲਾਕ ਪ੍ਰਧਾਨ ਲੀਲਾ ਸਿੰਘ ਜਟਾਣਾ, ਰਣਜੀਤ ਸਿੰਘ ਮੀਰਪੁਰ, ਗੁਰਤੇਜ ਸਿੰਘ, ਭੁਪਿੰਦਰ ਸਿੰਘ, ਗੁਰਪਿੰਦਰ ਸਿੰਘ, ਮਿੱਠੂ ਸਿੰਘ ਆਦਮਕੇ ਅਤੇ ਸੁਰਜੀਤ ਸਿੰਘ ਝੰਡੂਕੇ ਆਦਿ ਹਾਜ਼ਰ ਸਨ।
ਕਿਸਾਨਾਂ ਵੱਲੋਂ ਆਈਐਮਐਫ ਦਾ ਪੁਤਲਾ ਫੂਕਿਆ
Publish Date:Tue, 19 Jan 2021 05:22 PM (IST)

