ਜਗਤਾਰ ਸਿੰਘ ਧੰਜਲ, ਮਾਨਸਾ : ਜਦੋਂ ਤੱਕ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਨਹੀਂ ਝੁਕੇਗੀ, ਉਦੋਂ ਤੱਕ ਦਿੱਲੀ ਦੀ ਿਘਰਾਉ ਤੇ ਕਿਸਾਨਾਂ ਦਾ ਅੰਦੋਲਨ ਹਰ ਦਿਨ ਤਿੱਖਾ ਹੁੰਦਾ ਜਾਵੇਗਾ। ਮਾਨਸਾ ਦੇ ਕਿਸਾਨਾਂ ਨੇ ਦਿੱਲੀ ਵਿਖੇ ਲਾਏ ਮੋਰਚੇ 'ਚ 6 ਮਹੀਨੇ ਦੇ ਰਾਸ਼ਨ ਤੋਂ ਇਲਾਵਾ ਪੰਜਾਬ 'ਚ ਖੇਤਾਂ ਨੂੰ ਸੰਭਾਲਣ ਦੇ ਕਿਸਾਨ ਕਮੇਟੀਆਂ ਦੀ ਡਿਊਟੀ ਲਗਾ ਦਿੱਤੀ ਹੈ। ਇੱਕ ਪਾਸੇ ਕਿਸਾਨਾਂ ਨੇ ਦਿੱਲੀ ਵਿਖੇ ਅਤੇ ਦੂਜੇ ਪਾਸੇ ਮਾਨਸਾ 'ਚ ਕਿਸਾਨਾਂ ਨੇ ਖੇਤਾਂ ਦਾ ਮੋਰਚਾ ਸੰਭਾਲਿਆ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਧਰਨੇ ਲਈ ਉਹ 6 ਮਹੀਨੇ ਦਾ ਰਾਸ਼ਨ ਪਾਣੀ ਪ੍ਰਬੰਧ ਕਰ ਕੇ ਲੈ ਗਏ ਹਨ ਅਤੇ ਕਿਸਾਨਾਂ ਦੀਆਂ ਹੋਰ ਰਾਸ਼ਨ ਉਪਲੱਬਧ ਕਰਵਾਉਣ ਵਿੱਚ ਡਿਊਟੀਆਂ ਲੱਗੀਆਂ ਹੋਈਆਂ ਹਨ। ਕਿਸਾਨਾਂ ਨੇ ਪਿੰਡਾਂ 'ਚ ਜਥੇ ਸਥਾਪਿਤ ਕਰ ਲਏ ਹਨ, ਜਿਨਾਂ ਵਿੱਚ ਕਿਸਾਨ ਬੀਬੀਆਂ ਤੋਂ ਇਲਾਵਾ ਬੱਚੇ ਵੀ ਸ਼ਾਮਲ ਹਨ। ਇਹ ਬੀਬੀਆਂ ਦਿੱਲੀ ਵਿਚ ਜਾ ਕੇ ਰਾਸ਼ਨ ਪਾਣੀ ਤਿਆਰ ਕਰਨ ਦਾ ਪ੍ਰਬੰਧ ਕਰਨਗੀਆਂ। ਇਸ ਤੋਂ ਪਹਿਲਾਂ ਕਿਸਾਨ ਆਪਣਾ ਰੋਟੀ ਪਾਣੀ ਖੁਦ ਬਣਾ ਰਹੇ ਹਨ।

ਬੁਢਲਾਡਾ ਖੇਤਰ ਦੇ ਕਿਸਾਨ ਅਤੇ ਪਿੰਡ ਬੀਰੋਕੇ ਕਲਾਂ ਦੇ ਸਰਪੰਚ ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਗੀਤੂ ਅਤੇ ਗੁਰਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਦਿੱਲੀ ਵਿੱਚ ਪਿੰਡਾਂ ਦੇ ਪਿੰਡ ਵਹੀਰਾਂ ਘੱਤ ਕੇ ਪੁੱਜ ਗਏ ਹਨ ਨਾ ਕਿਸਾਨਾਂ ਨੂੰ ਰਾਸ਼ਨ ਦੀ ਥੁੜ੍ਹ ਹੋਵੇਗੀ ਤੇ ਨਾ ਹੀ ਪ੍ਰਬੰਧਾਂ ਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਲਿਆ ਕੇ ਪੰਜਾਬ ਦੀ ਕਿਸਾਨੀ ਨੂੰ ਵੰਗਾਰਿਆ ਹੈ, ਪਰ ਹੁਣ ਇਹ ਕਾਨੂੰਨ ਵਾਪਸ ਕਰਵਾ ਕੇ ਦਿੱਲੀ ਮੋਰਚਾ ਜਿੱਤ ਕੇ ਹੀ ਕਿਸਾਨ ਵਾਪਸ ਪਰਤਣਗੇ। ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਕਿਸਾਨਾਂ ਦਾ 60 ਕਿੱਲੋਮੀਟਰ ਦਾ ਵੱਡਾ ਕਾਫਲਾ ਹੈ ਅਤੇ ਇਹ ਕਾਫਲਾ ਹਰ ਦਿਨ ਹੋਰ ਵੱਡਾ ਹੁੰਦਾ ਜਾਵੇਗਾ। ਕਿਸਾਨਾਂ ਨੇ ਦੱਸਿਆ ਕਿ ਦਿੱਲੀ ਦੀਆਂ ਮਜ਼ਦੂਰ ਸੰਸਥਾਵਾਂ, ਆਟੋ ਚਾਲਕਾਂ ਨੇ ਵੀ ਕਿਸਾਨੀ ਦੇ ਹੱਕ ਵਿੱਚ ਆਪਣੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮਾਨਸਾ ਦੇ ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਵਾਸਤੇ ਅੌਰਤਾਂ ਦੀ ਲਾਮਬੰਦੀ ਸ਼ੁਰੂ ਹੋ ਗਈ ਹੈ।

ਭਾਕਿਯ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨ ਅੰਦੋਲਨ ਮੱਠਾ ਨਹੀਂ ਪਵੇਗਾ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰ ਰਹੀ ਮੋਦੀ ਸਰਕਾਰ ਨੂੰ ਸਬਕ ਸਿਖਾ ਕੇ ਹੀ ਵਾਪਸ ਮੁੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਕਦੇ ਵੀ ਦਰਜ ਪਰਚਿਆਂ ਤੋਂ ਨਹੀਂ ਘਬਰਾਏ ਅਤੇ ਨਾ ਹੀ ਇਸ ਨੂੰ ਲੈ ਕੇ ਉਹ ਡਰ ਕੇ ਪਿੱਛੇ ਹਟਣਗੇ। ਸਰਕਾਰ ਕਿਸਾਨਾਂ ਤੇ ਕਿੰਨਾ ਵੀ ਤਸ਼ੱਦਦ ਕਰ ਲਵੇ, ਪਰ ਕਿਸਾਨ ਅੰਦੋਲਨ ਜੇਤੂ ਹੋ ਕੇ ਹੀ ਦਿੱਲੀ ਤੋਂ ਵਾਪਸ ਮੁੜੇਗਾ।