ਸੰਦੀਪ ਜਿੰਦਲ, ਭੀਖੀ : ਤੇਲ ਦੀਆਂ ਵੱਧ ਰਹੀਆਂ ਕੀਮਤਾਂ, ਸ਼ਰਾਬ, ਸਰਕਾਰੀ ਰਾਸ਼ਨ ਅਤੇ ਸਕੂਲ ਫੀਸਾਂ ਆਦਿ ਮਾਮਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਅੰਦਰ ਦਿੱਤੇ ਧਰਨਿਆਂ ਦੀ ਲੜੀ ਤਹਿਤ ਭੀਖੀ ਦੇ ਮੇਨ ਚੌਕ ਵਿਖੇ ਅਕਾਲੀ ਵਰਕਰਾਂ ਨੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਗੁਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕੀਤੇ ਲਾਕਡਾਊਨ ਨੇ ਪਹਿਲਾਂ ਹੀ ਮੱਧ ਵਰਗ ਤੇ ਗਰੀਬ ਵਰਗ ਦਾ ਕਚੂਮਰ ਕੱਢ ਦਿੱਤਾ ਹੈ, ਉਪਰੋਂ ਪੰਜਾਬ ਸਰਕਾਰ ਦੁਆਰਾ ਤੇਲ ਉੱਪਰ ਜ਼ਿਆਦਾ ਟੈਕਸ ਲਾ ਕੇ ਰਹਿੰਦੀ ਕਸਰ ਵੀ ਕੱਢ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਕੋਲ ਘਰ ਦਾ ਖਰਚਾ ਚਲਾਉਣ ਲਈ ਵੀ ਪੈਸੇ ਨਹੀਂ ਅਤੇ ਪੰਜਾਬ ਸਰਕਾਰ ਪ੍ਰਰਾਈਵੇਟ ਸਕੂਲਾਂ ਨੂੰ ਲੋਕਾਂ ਤੋਂ ਫੀਸਾਂ ਵਸੂਲਣ ਦਾ ਹੁਕਮ ਦੇ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਲਾਕਡਾਊਨ ਦੌਰਾਨ ਲੋਕਾਂ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਰਾਬ ਮਾਫੀਆ ਦੀ ਨੇੜੇ ਹੋ ਕੇ ਜ਼ਰੂਰ ਸੁਣੀ। ਬਾਕੀ ਸਰਕਾਰੀ ਰਾਸ਼ਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜਿਆ ਸਰਕਾਰੀ ਰਾਸ਼ਨ ਵੀ ਪੰਜਾਬ ਸਰਕਾਰ ਨੇ ਗਾਇਬ ਕਰ ਦਿੱਤਾ ਹੈ ਜੋ ਕਿ ਸ਼ਰਮ ਦੀ ਗੱਲ ਹੈ। ਧਰਨੇ ਦੌਰਾਨ ਆਈ ਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੁਲਸ਼ੇਰ ਸਿੰਘ ਰੂਬਲ, ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਹਰਪ੍ਰਰੀਤ ਸਿੰਘ ਚਹਿਲ, ਕੌਂਸਲਰ ਰਾਮਪਾਲ, ਅਕਾਲੀ ਆਗੂ ਵਿਜੈ ਗਰਗ, ਸਰਕਲ ਪ੍ਰਧਾਨ ਬਲਜੀਤ ਸਿੰਘ ਅਤਲਾ, ਬਲਵਿੰਦਰ ਸ਼ਰਮਾ ਅਤੇ ਭੀਮ ਸੈਨ ਸ਼ਹਿਰੀ ਪ੍ਰਧਾਨ ਤੋਂ ਇਲਾਵਾ ਹੋਰ ਅਕਾਲੀ ਵਰਕਰ ਹਾਜ਼ਰ ਸਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੱਤੀ, ਅਤਲਾ ਕਲਾਂ, ਢੈਪਈ, ਕੋਟੜਾ ਅਤੇ ਫਫੜੇ ਭਾਈ ਕੇ ਵਿਚ ਵੀ ਧਰਨੇ ਦਿੱਤੇ ਗਏ।