ਗੁਰਮੇਲ ਭੰਮਾ, ਝੁਨੀਰ : ਕਸਬਾ ਝੁਨੀਰ ਵਿਖੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਬਣੇ ਓਟ ਕਲੀਨਿਕ ਤੇ ਨਸ਼ਾ ਛਡਾਉਣ ਵਾਲੀਆਂ ਗੋਲੀਆਂ ਦੀ ਕਮੀ ਕਾਰਨ ਮਰੀਜ਼ਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜੰਟਾ ਸਿੰਘ ਚੈਨੇਵਾਲਾ, ਵੀਰੂ ਸਿੰਘ ਚਹਿਲਾਂਵਾਲੀ, ਰਾਜ ਸਿੰਘ ਝੁਨੀਰ, ਜੰਟਾ ਸਿੰਘ ਕੋਰਵਾਲਾ, ਅਮਰੀਕ ਸਿੰਘ ਝੁਨੀਰ, ਸੂਬਾ ਸਿੰਘ ਫਤਿਹਪੁਰ, ਨੇ ਦੱਸਿਆ ਕਿ ਉਹ ਲਾਕਡਾਊਨ ਦੌਰਾਨ ਹੋਰ ਨਸ਼ਾ ਛੱਡ ਕੇ ਓਟ ਕਲੀਨਿਕ ਤੋਂ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਤੇ ਲੱਗ ਚੁੱਕੇ ਹਨ, ਪਰ ਉਨ੍ਹਾਂ ਨੂੰ ਇੱਥੇ ਇਹ ਗੋਲੀਆਂ ਪੂਰੀ ਮਾਤਰਾ ਵਿਚ ਨਹੀਂ ਮਿਲ ਰਹੀਆਂ। ਡਾਕਟਰ ਉਨ੍ਹਾਂ ਨੂੰ ਜਾਣ ਬੁੱਝ ਕੇ ਖੱਜਲ ਖ਼ੁਆਰ ਕਰ ਰਹੇ ਹਨ। ਉਪਰੋਕਤ ਵਿਅਕਤੀਆਂ ਦੱਸਿਆ ਕਿ ਕਈ ਵਾਰ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਹੈ ਕਿ ਅੱਜ ਸੈਂਟਰ ਚ ਦਵਾਈ ਨਹੀਂ ਹੈ ਅਤੇ ਜੇ ਦਵਾਈ ਦੇ ਵੀ ਦਿੰਦੇ ਹਨ ਤਾਂ ਉਹ ਵੀ ਇੱਕ ਦਿਨ ਦੀ ਹੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਹਰ ਰੋਜ਼ ਆਉਣਾ ਜਾਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਉਹ ਅੱਜ ਕੱਲ੍ਹ ਸੀਜ਼ਨ ਦੌਰਾਨ ਝੋਨਾ ਲਾਉਣ ਦਾ ਕੰਮ ਵੀ ਕਰਦੇ ਹਨ ਅਤੇ ਉਨ੍ਹਾਂ 'ਚੋਂ ਬਹੁਤੇ ਵਿਅਕਤੀ ਮਿਸਤਰੀਆਂ ਨਾਲ਼ ਮਕਾਨ ਉਸਾਰੀ ਦਾ ਕੰਮ ਵੀ ਕਰਦੇ ਹਨ।

ਉਪਰੋਕਤ ਵਿਅਕਤੀਆਂ ਕਿਹਾ ਕਿ ਉਨ੍ਹਾਂ ਨੂੰ ਅੱਧਾ ਅੱਧਾ ਦਿਨ ਤਾਂ ਦਵਾਈ ਲੈਣ ਲਈ ਉਡੀਕ ਕਰਨੀ ਪੈਂਦੀ ਹੈ। ਜਿਸ ਨਾਲ ਉਨ੍ਹਾਂ ਦੀ ਦਿਹਾੜੀ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ। ਉਨ੍ਹਾਂ ਸਿਹਤ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਹ ਦਵਾਈ ਘੱਟੋ ਘੱਟ ਇੱਕ ਹਫ਼ਤੇ ਦੀ ਅਤੇ ਨਿਰਵਿਘਨ ਦਿੱਤੀ ਜਾਵੇ ਤਾਂ ਕਿ ਉਹ ਹਫ਼ਤੇ ਬਾਅਦ ਦਵਾਈ ਲੈਣ ਆਉਣ ਤੇ ਆਪਣਾ ਕੰਮ ਵੀ ਕਰ ਸਕਣ। ਇਸ ਸਬੰਧੀ ਅੱਜ ਉਨ੍ਹਾਂ ਦਵਾਈ ਨਾ ਮਿਲਣ ਕਾਰਨ ਪ੍ਰਰਾਇਮਰੀ ਹੈਲਥ ਸੈਂਟਰ ਝੁਨੀਰ ਅੱਗੇ ਪੰਜਾਬ ਸਰਕਾਰ ਅਤੇ ਹਸਪਤਾਲ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੁਰਜੀਤ ਸਿੰਘ ਜਟਾਣਾ, ਲਾਭਾ ਸਿੰਘ ਰਾਮਾਨੰਦੀ, ਲੀਲਾ ਸਿੰਘ ਆਦਮਕੇ, ਸਤਨਾਮ ਸਿੰਘ ਚੋਟੀਆਂ, ਕੌਰ ਸਿੰਘ ਨੰਦਗੜ੍ਹਠ ਗੁਰਜੰਟ ਸਿੰਘ ਆਦਿ ਤੋਂ ਇਲਾਵਾ ਦਰਜਨਾਂ ਵਿਅਕਤੀ ਨਸ਼ਾ ਛੱਡਣ ਵਾਲੀ ਗੋਲੀ ਲੈਣ ਦੀ ਉਡੀਕ ਵਿਚ ਸਨ।

--ਇਸ ਸਬੰਧੀ ਕਮਿਊਨਿਟੀ ਹੈਲਥ ਸੈਂਟਰ ਦੇ ਇੰਚਾਰਜ ਡਾ. ਵਿਵੇਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਕੋਲ ਦਵਾਈ ਦੀ ਕਮੀ ਸੀ। ਜਿਸ ਕਾਰਨ ਉਨ੍ਹਾਂ ਦੇ ਕਰਮਚਾਰੀ ਦਵਾਈ ਲੈਣ ਲਈ ਮਾਨਸਾ ਗਏ ਹੋਏ ਸਨ। ਇੱਕ ਦਿਨ ਦੀ ਦਵਾਈ ਦੇਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਹਰ ਇੱਕ ਨੂੰ ਹਫ਼ਤੇ ਦੀ ਦਵਾਈ ਦਿੱਤੀ ਜਾਵੇ, ਪਰ ਉਨ੍ਹਾਂ ਕੋਲ ਪਿੱਛੋਂ ਦਵਾਈ ਦੀ ਸਪਲਾਈ ਦੀ ਕਮੀ ਚੱਲ ਰਹੀ ਹੈ। ਜਦੋਂ ਵੀ ਦਵਾਈ ਦੀ ਸਪਲਾਈ ਪੂਰੀ ਮਾਤਰਾ ਵਿੱਚ ਆਉਣ ਲੱਗ ਪਈ ਤਾਂ ਉਹ ਹਰ ਇਕ ਨੂੰ ਵੱਧ ਤੋਂ ਵੱਧ ਦਿਨਾਂ ਦੀ ਦਵਾਈ ਦੇਣ ਦੀ ਕੋਸ਼ਿਸ਼ ਕਰਨਗੇ।