ਸਟਾਫ ਰਿਪੋਰਟਰ, ਮਾਨਸਾ : ਸਟੇਟ ਬੈਂਕ ਆਫ਼ ਇੰਡੀਆ ਬ੍ਾਂਚ ਭੈਣੀਬਾਘਾ ਵੱਲੋਂ ਕਿਸਾਨਾਂ ਦੇ ਜ਼ਬਰੀ ਬੀਮੇ ਕਰਨ ਖ਼ਿਲਾਫ਼ ਤੇ ਕੀਤੇ ਹੋਏ ਬੀਮੇ ਤਹਿਤ ਕੱਟੀ ਹੋਈ ਰਕਮ ਵਾਪਸ ਕਰਵਾਉਣ ਲਈ ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬੈਂਕ ਅੱਗੇ ਧਰਨਾ ਲਾ ਕੇ ਬੈਂਕ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਬਲਾਕ ਪ੍ਰਧਾਨ ਜਗਦੇਵ ਸਿੰਘ ਦੀ ਅਗਵਾਈ ਹੇਠ ਲੱਗੇ ਧਰਨੇ ਦੌਰਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜਦੋਂ ਕੋਈ ਕਿਸਾਨ ਫਸਲੀ ਲੋੜਾਂ ਵਾਸਤੇ ਲਿਮਟ ਬਣਾਉਂਦਾ ਹੈ ਤਾਂ ਬੈਂਕ ਅਧਿਕਾਰੀ ਉਸਦਾ ਜ਼ਬਰਦਸਤੀ ਬੀਮਾ ਕਰ ਦਿੰਦੇ ਹਨ ਤੇ ਉਸ ਦੀ ਪਹਿਲੀ ਕਿਸ਼ਤ ਕਿਸਾਨ ਵੱਲੋਂ ਬਣਾਈ ਲਿਮਟ 'ਚੋਂ ਕੱਟ ਲੈਂਦੇ ਹਨ। ਇਸੇ ਤਹਿਤ ਕੁਝ ਮਹੀਨੇ ਪਹਿਲਾਂ ਪਿੰਡ ਬੁਰਜ ਰਾਠੀ ਦੇ ਸੁਖਮੰਦਰ ਸਿੰਘ ਤੇ ਸੁਖਮੰਦਰ ਸਿੰਘ ਦੀ ਪਤਨੀ ਬਲਵੀਰ ਕੌਰ ਨੇ ਜੁਆਇੰਟ ਲਿਮਟ ਕਰਵਾਈ ਸੀ, ਉਸ ਵਿੱਚ ਬੀਮੇ ਦੇ ਨਾਂ ਤੇ ਬੈਂਕ ਨੇ 10 ਹਜ਼ਾਰ 500 ਰੁਪਏ ਰੱਖ ਲਏ ਸੀ। ਭੈਣੀਬਾਘਾ ਨੇ ਦੱਸਿਆ ਕਿ ਸਬੰਧਿਤ ਵਿਅਕਤੀਆਂ ਨੇ ਆਪਣੇ ਪੈਸੇ ਵਾਪਿਸ ਕਰਨ ਦੀ ਵਾਰ-ਵਾਰ ਮੰਗ ਬੈਂਕ ਤੋਂ ਕੀਤੀ, ਪਰ ਬੈਂਕ ਮੈਨੇਜਰ ਲਾਰੇ ਹੀ ਲਾਉਂਦਾ ਰਿਹਾ। ਬਾਅਦ ਵਿਚ ਉਸ ਮੈਨੇਜਰ ਦੀ ਬਦਲੀ ਕਿਤੇ ਹੋਰ ਹੋ ਗਈ। ਪੀੜਤ ਪਰਿਵਾਰ ਨੇ ਜਦੋਂ ਨਵੇਂ ਆਏ ਮੈਨੇਜਰ ਨਾਲ ਗੱਲ ਕੀਤੀ ਤਾਂ ਮੈਨੇਜਰ ਨੇ ਪੈਸੇ ਵਾਪਸ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਜਿਸ ਤੋਂ ਮਜਬੂਰ ਹੋ ਕੇ ਜਥੇਬੰਦੀ ਨੂੰ ਬੈਂਕ ਦੇ ਗੇਟ ਅੱਗੇ ਬੈਠਣਾ ਪਿਆ। ਵੀਰਵਾਰ ਨੂੰ ਚਲਦੇ ਧਰਨੇ ਦੌਰਾਨ ਬੈਂਕ ਦੇ ਚੀਫ ਮੈਨੇਜਰ ਜਗਮੋਹਨ ਲਾਲ ਵਿਸ਼ੇਸ ਤੌਰ 'ਤੇ ਗੱਲਬਾਤ ਲਈ ਪਹੁੰਚੇ। ਆਗੂਆਂ ਦੀ ਗੱਲ ਬਾਤ ਸੁਣਨ ਤੋਂ ਬਾਅਦ ਉਨ੍ਹਾਂ ਭਰੋਸਾ ਦਿੱਤਾ ਗਿਆ ਕਿ ਬੀਮੇ ਦੇ ਨਾਂ ਤੇ ਰੱਖੇ ਹੋਏ ਪੈਸੇ 10 ਹਜ਼ਾਰ 500 ਇਕ ਮਹੀਨੇ ਤਕ ਵਾਪਸ ਕਰ ਦਿੱਤੇ ਜਾਣਗੇ। ਇਸੇ ਸੰਬੰਧੀ ਲਿਖਤੀ ਅਰਜੀ ਵੀ ਪੀੜਤ ਕਿਸਾਨ ਕੋਲੋ ਲੈ ਲਈ ਗਈ ਹੈ। ਇਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਗੁਰਮੀਤ ਸਿੰਘ, ਪਿੰਡ ਪ੍ਰਧਾਨ ਭੈਣੀ ਬਾਘਾ ਗੋਰਾ ਸਿੰਘ, ਬੰਤ ਸਿੰਘ ਰਾਠੀ, ਹਰਿੰਦਰ ਸਿੰਘ ਟੋਨੀ, ਜਗਦੇਵ ਸਿੰਘ, ਜਰਨੈਲ ਸਿੰਘ ਜੈਲੂ ਆਦਿ ਹਾਜ਼ਰ ਸਨ।

-----------

ਕਿਸਾਨ ਨੂੰ ਬਿਨਾਂ ਦੱਸੇ ਨਹੀਂ ਬਣਾਇਆ ਜਾਂਦਾ ਬੀਮਾ : ਮੈਨੇਜਰ

-ਇਸ ਸਬੰਧੀ ਬੈਂਕ ਮੈਨੇਜਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਬੈਂਕ ਕਿਸੇ ਵੀ ਗਾਹਕ ਦੀ ਬਿਨਾਂ ਦੱਸੇ ਕੋਈ ਵੀ ਬੀਮਾ ਪਾਲਸੀ ਜਾਂ ਕੋਈ ਹੋਰ ਪਾਲਸੀ ਨਹੀਂ ਬਣਾਉਂਦਾ। ਉਨ੍ਹਾਂ ਕਿਹਾ ਕਿ ਜੇ ਉਪਰੋਕਤ ਕਿਸਾਨ ਦਾ ਬੈਂਕ ਨੇ ਬਿਨਾਂ ਦੱਸੇ ਬੀਮਾ ਕੀਤਾ ਹੈ ਤਾਂ ਉਹ ਉਨ੍ਹਾਂ ਨੂੰ ਐਪਲੀਕੇਸ਼ਨ ਦੇ ਦੇਣ ਤੇ ਮਹੀਨੇ 'ਚ ਉਨ੍ਹਾਂ ਦੇ ਪੈਸੇ ਵਾਪਿਸ ਕਰ ਦਿੱਤੇ ਜਾਣਗੇ।