ਚਤਰ ਸਿੰਘ, ਬੁਢਲਾਡਾ : ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਵੱਲੋਂ ਠੇਕੇਦਾਰੀ ਸਿਸਟਮ ਖ਼ਿਲਾਫ਼ ਪਿਛਲੇ ਦਿਨੀਂ ਮਾਨਸਾ ਵਿਖੇ ਆਪਣੇ ਹੱਕਾਂ ਲਈ ਰੱਖੀ ਰੈਲੀ ਚ ਸ਼ਮੂਲੀਅਤ ਕਰਨ ਵਾਲੇ ਪੱਲੇਦਾਰ ਆਗੂਆਂ ਖ਼ਿਲਾਫ਼ ਦਰਜ ਪਰਚੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਸ਼ਾਸ਼ਨ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸੰਬੋਧਨ ਕਰਦਿਆਂ ਮਜ਼ਦੂਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਪੱਲੇਦਾਰਾਂ ਮਜ਼ਦੂਰਾਂ ਦੇ ਕੰਮ ਖੋਹ ਕੇ ਧਨਾਢ ਲੋਕਾਂ ਨੂੰ ਦੇਣ ਤੇ ਲੱਗੀ ਹੋਈ ਹੈ। ਜਿਸ ਦਾ ਮਜ਼ਦੂਰ ਵਰਗ ਤੇ ਉਨ੍ਹਾਂ ਦੇ ਪਰਿਵਾਰ ਡਟ ਕੇ ਵਿਰੋਧ ਕਰਨਗੇ। ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਨੇ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਅਤੇ ਪਹਿਲਾਂ ਤੋਂ ਕੰਮ ਕਰਦੇ ਪੱਲੇਦਾਰ ਵਰਕਰਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਬਣਨ ਦੇ ਨਸ਼ੇ 'ਚ ਉਹ ਗ਼ਰੀਬਾਂ ਦਾ ਪਹਿਲਾਂ ਤੋਂ ਚੱਲਦਾ ਗੁਜ਼ਾਰਾ ਵੀ ਬੰਦ ਕਰਾਉਣ ਤੇ ਤੁਲੇ ਹੋਏ ਹਨ। ਸਾਬਕਾ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਕਲੀਪੁਰ, ਸੂਬਾ ਪ੍ਰਧਾਨ ਸੁਖਦੇਵ ਸਿੰਘ ਮੰਡੇਰ, ਨਿਰਮਲ ਦਾਸ, ਜੱਗਾ ਸਿੰਘ ਸਤੀਕੇ ਦੀ ਅਗਵਾਈ ਹੇਠ ਇੱਕਠੇ ਹੋਏ ਪੱਲੇਦਾਰ ਆਗੂਆਂ ਨੇ ਕਿਹਾ ਕਿ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਪੱਲੇਦਾਰ ਮਜ਼ਦੂਰ ਵਰਗ ਨਾਲ ਵਾਅਦਾ ਕੀਤਾ ਸੀ ਕਿ ਠੇਕੇਦਾਰੀ ਸਿਸਟਮ ਖਤਮ ਕਰਕੇ ਮਜ਼ਦੂਰਾਂ ਨੂੰ ਸਿੱਧਾ ਕੰਮ ਦੇਣ ਲਈ ਵਰਕਰ ਮੈਨੇਜਮੈਂਟ ਕਮੇਟੀ ਬਣਾਈ ਜਾਵੇਗੀ, ਪਰ ਅਜੇ ਵੀ ਸਿਸਟਮ ਠੇਕੇਦਾਰਾ ਹਵਾਲੇ ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਪਿਛਲੇ ਦਿਨੀਂ ਮਾਨਸਾ ਵਿਖੇ ਦਿੱਤੇ ਗਏ ਰੋਸ ਧਰਨੇ ਚ ਭਾਗ ਲੈਣ ਵਾਲੇ ਆਗੂਆਂ 'ਤੇ ਦਰਜ ਪਰਚੇ ਰੱਦ ਕੀਤੇ ਜਾਣ। ਇਸ ਮੌਕੇ ਜਸਵੀਰ ਸਿੰਘ, ਮਹਿੰਗਾ ਸਿੰਘ, ਬਲਵੀਰ ਸਿੰਘ ਬੁਢਲਾਡਾ, ਵਿਰਸ਼ਾ ਸਿੰਘ, ਹਰਦੇਵ ਸਿੰਘ, ਜੱਗਾ ਸਿੰਘ, ਜਗਤਾਰ ਸਿੰਘ, ਬੂਟਾ ਸਿੰਘ, ਜੰਟਾ ਸਿੰਘ, ਨੈਬ ਸਿੰਘ, ਨਾਜਰ ਸਿੰਘ, ਪੱਪੀ ਸਿੰਘ ਆਦਿ ਹਾਜ਼ਰ ਸਨ।