ਜਗਤਾਰ ਸਿੰਘ ਧੰਜਲ, ਮਾਨਸਾ : ਕਿਸਾਨ ਵਿਰੋਧੀ ਫੈਸਲਿਆਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਦੌਰਾਨ 26, 27 ਨਵੰਬਰ ਨੂੰ ਲੱਗ ਰਹੇ ਦੇਸ਼-ਵਿਆਪੀ ਦਿੱਲੀ ਵਿੱਚ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ਦੀ ਮਨਸ਼ਾ ਨਾਲ ਕੱਲ੍ਹ ਹਰਿਆਣਾ ਵਿਚਲੀ ਭਾਜਪਾ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੀਆਂ ਕੀਤੀਆਂ ਗਿ੍ਫਤਾਰੀਆਂ ਖਿਲਾਫ਼ ਪੰਜਾਬ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬੇ ਭਰ ਵਿਚ ਹਰਿਆਣਾ ਸਰਕਾਰ ਦੀਆਂ ਆਰਥੀਆਂ ਸਾੜਨ ਦੇ ਸੱਦੇ ਤਹਿਤ ਅੱਜ ਮਾਨਸਾ 'ਚ ਖੱਟੜ ਸਰਕਾਰ ਦੀ ਅਰਥੀ ਸਾੜੀ ਤੇ ਹਰਿਆਣਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਹੋਈ। ਇਸ ਮੌਕੇ ਬੋਲਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਕਾਨੂੰਨ ਲਿਆਂਦੇ ਗਏ ਹਨ, ਜਿਸ ਨਾਲ ਕਿਸਾਨਾਂ ਦੀਆਂ ਜਿਨਸਾਂ ਦੀ ਸਰਕਾਰੀ ਖਰੀਦ ਬੰਦ ਹੋਵੇਗੀ। ਸਰਕਾਰ ਵੱਲੋਂ ਫ਼ਸਲਾਂ ਦੇ ਤਹਿ ਕੀਤੇ ਜਾਂਦੇ ਰੇਟ ਖ਼ਤਮ ਹੋਣਗੇ ਸਮੁੱਚੇ ਸਰਕਾਰੀ ਮੰਡੀਕਰਨ ਦਾ ਉਜਾੜਾ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਪ੍ਰਰਾਈਵੇਟ ਮੰਡੀਆਂ ਕਾਇਮ ਕੀਤੀਆਂ ਜਾਣਗੀਆਂ। ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਕੋਡੀਆਂ ਦੇ ਭਾਅ ਲੁੱਟਿਆ ਜਾਇਆ ਕਰੇਗਾ, ਜਿਸ ਦਾ ਅੰਤਿਮ ਨਤੀਜਾ ਇਹ ਨਿਕਲੇਗਾ ਕਿ ਕਿਸਾਨ ਖੇਤੀ ਛੱਡਣ ਲਈ ਮਜ਼ਬੂਰ ਹੋ ਜਾਣਗੇ। ਖੇਤੀ ਸਿਸਟਮ ਵੱਡੇ ਫਾਰਮਾਂ ਵਿਚ ਬਦਲ ਜਾਵੇਗਾ, ਜਿਸ ਨੂੰ ਰੋਕਣ ਲਈ ਪੰਜਾਬ, ਹਰਿਆਣਾ ਦੇ ਕਿਸਾਨ ਸਿਖ਼ਰਲੀ ਲੜਾਈ ਲੜ ਰਹੇ ਹਨ ਹੁਣ ਜਦੋਂ ਹੋਰ ਸੂਬਿਆਂ ਦੇ ਕਿਸਾਨ ਵੀ ਨਾਲ ਰਲ ਗਏ ਹਨ ਤਾਂ ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਵਿਚਲੀ ਖੱਟੜ ਸਰਕਾਰ ਧੁਰੋ ਹਿੱਲ ਗਈ ਹੈ। ਬੁਖਲਾਹਟ ਵਿੱਚ ਆ ਕੇ ਹਰਿਆਣਾ ਸਰਕਾਰ ਕਿਸਾਨਾਂ ਦੀਆਂ ਗਿ੍ਫਤਾਰੀਆਂ ਕਰਨ ਲਈ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਕਿਸਾਨ ਅੰਦੋਲਨ ਰੁੱਕੇਗਾ ਨਹੀਂ ਸਗੋਂ, ਹੋਰ ਤਿੱਖਾ ਹੋਵੇਗਾ। ਇਸ ਦੌਰਾਨ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਪ੍ਰਰਾਈਵੇਟ ਥਰਮਲ ਪਲਾਂਟ ਅੱਗੇ ਸ਼ੁਰੂ ਕੀਤਾ ਧਰਨਾ ਜਾਰੀ ਹੈ। ਭਾਜਪਾ ਦੇ ਆਗੂਆਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਫ਼ੈਸਲੇ ਅਨੁਸਾਰ ਸਟੇਟ ਕਮੇਟੀ ਮੈਂਬਰ ਸੂਰਜ ਕੁਮਾਰ ਛਾਬੜਾ ਦੇ ਨਿਵਾਸ ਅੱਗੇ ਜੱਥੇਬੰਦੀ ਵੱਲੋਂ ਧਰਨਾ ਦੇ ਕੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ। ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਭੋਲਾ ਸਿੰਘ ਮਾਖਾ, ਨਛੱਤਰ ਸਿੰਘ ਬਹਿਮਣ, ਉੱਤਮ ਸਿੰਘ ਰਾਮਾਂਨੰਦੀ ਨੇ ਵੀ ਸੰਬੋਧਨ ਕੀਤਾ।