ਸੁਰਿੰਦਰ ਲਾਲੀ, ਮਾਨਸਾ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਵੀਰਵਾਰ ਨੂੰ 31 ਕਿਸਾਨ ਜਥੇਬੰਦੀਆਂ ਨੇ ਅਣਮਿਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਰੇਲਵੇ ਸਟੇਸ਼ਨ 'ਤੇ ਰੇਲ ਆਵਾਜਾਈ ਰੋਕੇ ਕੇ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਤਹਿਤ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਵੀਰਵਾਰ ਨੂੰ ਦਿੱਲੀ-ਫਿਰੋਜ਼ਪੁਰ ਰੇਲਵੇ ਲਾਈਨ 'ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਕੇਂਦਰ ਸਰਕਾਰ ਵੱਲੋਂ ਨਵੇਂ ਕਾਨੂੰਨ ਰੱਦ ਕਰਵਾਉਣ ਤਕ ਜਾਰੀ ਰਹੇਗਾ। ਉਨ੍ਹਾਂ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਲਈ ਇਹ ਮਤੇ ਪਾਸ ਕਰ ਕੇ ਕਿਸਾਨਾਂ, ਵਪਾਰੀਆਂ ਅਤੇ ਹੋਰ ਕਾਰੋਬਾਰੀਆਂ ਦੀ ਲੁੱਟ ਕਰ ਕੇ ਉਹ ਵੱਡੀਆਂ ਕੰਪਨੀਆਂ ਨੂੰ ਲਾਹੇਵੰਦ ਬਣਾਉਣ ਲਈ ਲੱਗੀ ਹੋਈ ਹੈ। ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਖੇਤੀ ਕਾਨੂੰਨ ਲੈ ਕੇ ਆਈ ਹੈ, ਉਹ ਕਿਸਾਨ ਦੇ ਮੌਤ ਦੇ ਵਰੰਟ ਹਨ। ਇਸ ਨਾਲ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਦੁਕਾਨਦਾਰਾਂ ਅਤੇ ਖੇਤੀ ਨਾਲ ਜੁੜੇ ਅਨੇਕਾਂ ਹੀ ਲੋਕਾਂ ਦਾ ਭਵਿੱਖ ਹਨੇਰੇ 'ਚ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਦੀ ਕੇਂਦਰ ਸਰਕਾਰ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਖੇਤੀ ਸੈਕਟਰ ਨੂੰ ਪ੍ਰਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਹ ਖੇਤੀ ਸਬੰਧੀ ਕਾਲੇ ਕਨੂੰਨ ਵਾਪਿਸ ਨਾ ਲਏ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਸਦੀਆਂ ਤੋਂ ਚੱਲਿਆ ਆ ਰਿਹਾ ਆੜ੍ਹਤੀਏ ਤੇ ਕਿਸਾਨ ਦਾ ਨਹੂੰ ਮਾਸ ਦਾ ਰਿਸ਼ਤਾ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਤੇ ਕਿਸਾਨ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹਨ, ਜਿਨ੍ਹਾਂ ਬਿਨਾਂ ਕਿਸਾਨ ਅਤੇ ਆੜ੍ਹਤੀਆ ਅਧੂਰਾ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਅੱਜ ਦੇ ਸਮੇਂ ਵਿਚ ਇਕ ਲੋਕ ਲਹਿਰ ਬਣਕੇ ਸਾਹਮਣੇ ਆ ਰਿਹਾ ਹੈ। ਜਿਸ 'ਚ ਹਰ ਵਰਗ ਚਾਹੇ ਉਹ ਕਿਸੇ ਵੀ ਪੇਸ਼ੇ ਨਾਲ ਸਬੰਧਿਤ ਹੈ, ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ 'ਚ ਅੌਰਤਾਂ ਵੀ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸ ਰਹੀਆਂ ਹਨ। ਇਸ ਮੌਕੇ ਮਹਿੰਦਰ ਸਿੰਘ ਰੋਮਾਣਾ, ਇੰਦਰਜੀਤ ਸਿੰਘ ਝੱਬਰ, ਜਗਦੇਵ ਸਿੰਘ ਭੈਣੀਬਾਘਾ, ਉÎੱਤਮ ਸਿੰਘ ਰਾਮਾਨੰਦੀ, ਮੇਜਰ ਅਕਲੀਆ, ਰਮਨਦੀਪ ਸਿੰਘ ਕੁਸਲਾ, ਕਰਮਜੀਤ ਤਾਮਕੋਟ, ਜਗਤਾਰ ਝੱਬਰ, ਗੁਰਜੰਟ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਅੌਰਤਾਂ ਹਾਜ਼ਰ ਸਨ।