ਪਿ੍ਰਤਪਾਲ ਸਿੰਘ, ਮਾਨਸਾ : ਮਾਨਸਾ ਜ਼ਿਲ੍ਹੇ ਨੂੰ ਹਰਿਆਵਲ ਭਰਪੂਰ ਵਾਤਾਵਰਨ ਪ੍ਰਦਾਨ ਕਰਨ ਅਤੇ ਇਸ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜੁਲਾਈ 2019 ਵਿਚ ਪਿੰਡ ਖੋਖਰ ਕਲਾਂ (ਗਊਸ਼ਾਲਾ) ਵਿਖੇ ਮੀਆਂਵਾਕੀ ਤਕਨੀਕ ਰਾਹੀਂ ਵੱਡੀ ਮਾਤਰਾ ਵਿਚ ਪੌਦੇ ਲਗਾਏ ਗਏ ਸਨ, ਜੋ ਕਿ ਹੁਣ ਜੰਗਲ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਏ ਹਨ। ਵਾਤਾਵਰਨ ਪੂਰੀ ਤਰ੍ਹਾਂ ਨਾਲ ਹਰਿਆ ਭਰਿਆ ਹੋ ਗਿਆ ਹੈ ਅਤੇ ਖੋਖਰ ਕਲਾਂ ਵਿਖੇ ਗਊਸ਼ਾਲਾ ਦਾ ਸੁਹੱਪਣ ਹੁਣ ਦੇਖਦਿਆਂ ਹੀ ਬਣਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਪ੍ਰਰੀਤ ਕੌਰ ਸੰਧੂ ਨੇ ਦੱਸਿਆ ਕਿ ਜੁਲਾਈ 2019 ਵਿਚ ਮਗਨਰੇਗਾ ਸਕੀਮ ਅਤੇ ਈਕੋ ਸਿੱਖ ਫਾਊਂਡੇਸ਼ਨ ਦੀ ਸਹਾਇਤਾ ਨਾਲ 200 ਸਕੇਅਰ ਮੀਟਰ ਦੇ ਦਾਇਰੇ ਵਿਚ 29 ਪ੍ਰਜਾਤੀਆਂ ਦੇ 550 ਪੌਦੇ ਲਾਏ ਗਏ ਸਨ, ਜਿਸ ਦੇ ਹੁਣ ਬਹੁਤ ਹੀ ਸਾਰਥਕ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਸੰਧੂ ਨੇ ਦੱਸਿਆ ਕਿ ਇਨ੍ਹਾਂ ਪੌਦਿਆਂ ਦੀ ਬਚਾਅ ਦੀ ਦਰ 95 ਫ਼ੀਸਦੀ ਹੈ। ਇਸ ਵਿਧੀ ਰਾਹੀਂ ਲਾਏ ਗਏ ਜੰਗਲ ਨੂੰ ਕਾਮਯਾਬ ਹੁੰਦਿਆਂ ਦੇਖਦੇ ਹੋਏ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਹੋਰ ਪਿੰਡਾਂ ਵਿਚ ਮੀਆਂਵਾਕੀ ਤਕਨੀਕ ਰਾਹੀਂ ਜੰਗਲ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਜੋ ਜ਼ਿਲ੍ਹੇ ਨੂੰ ਇਕ ਸੁੰਦਰ ਦਿੱਖ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਬਲਾਕ ਬੁਢਲਾਡਾ ਦੇ ਪਿੰਡ ਧਰਮਪੁਰਾ ਵਿਖੇ 8600 ਪੌਦੇ, ਪਿੰਡ ਜੁਗਲਾਨ ਵਿਖੇ 3400 ਪੌਦੇ, ਪਿੰਡ ਦੋਦੜਾ ਵਿਖੇ 2800 ਪੌਦੇ ਅਤੇ ਪਿੰਡ ਗੁੜੱਦੀ ਵਿਖੇ 4100 ਪੌਦੇ ਲਾਏ ਗਏ ਹਨ।

ਅਮਰਪ੍ਰਰੀਤ ਕੌਰ ਸੰਧੂ ਨੇ ਦੱਸਿਆ ਕਿ ਜੰਗਲ ਲਾਉਣ ਉਪਰੰਤ ਇਸ ਦੀ ਦੇਖ-ਰੇਖ ਸਵੇਰੇ ਅਤੇ ਸ਼ਾਮ ਪਾਣੀ ਪਾ ਕੇ ਅਤੇ ਜੰਗਲ ਵਿਚ ਨਮੀ ਬਣਾਈ ਰੱਖਣ ਲਈ ਪਰਾਲੀ ਪਾ ਕੇ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੰਗਲ ਵਿਚ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਹੋਰ ਕਿਸੇ ਵਿਧੀ ਦਾ ਉਪਯੋਗ ਨਹੀਂ ਕੀਤਾ ਜਾਂਦਾ ਅਤੇ ਇਸ ਦੇ ਨਾਲ ਹੀ ਮਗਨਰੇਗਾ ਲੇਬਰ ਨੂੰ ਲਗਾਤਾਰ ਕੰਮ ਵੀ ਮੁਹੱਈਆ ਕਰਵਾਇਆ ਜਾਂਦਾ ਹੈ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਗਈ ਕਿ ਇਸ ਤਰਾਂ ਦੇ ਜੰਗਲ ਜਿੱਥੇ ਜਗ੍ਹਾ ਅਤੇ ਪਾਣੀ ਉਪਲਬਧ ਹੋਵੇ, ਲਗਾਏ ਜਾਣ ਤਾਂ ਜੋ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ।