ਚਤਰ ਸਿੰਘ, ਬੁਢਲਾਡਾ : ਢਹਾ ਬਸਤੀ 'ਚ ਬੁੱਧਵਾਰ ਦੀ ਸਵੇਰ ਹੋਏ ਲੜਾਈ-ਝਗੜੇ ਦੌਰਾਨ ਬਸਤੀ 'ਚ ਰਹਿੰਦੇ ਸ਼ਰਾਬ ਠੇਕੇਦਾਰ ਦਾ ਕਤਲ ਕਰ ਦਿੱਤਾ ਗਿਆ। ਮਿ੍ਤਕ ਦੀ ਪਛਾਣ ਮੰਗਾ ਰਾਮ (35) ਪੁੱਤਰ ਚਰਨਾ ਰਾਮ ਵਜੋਂ ਹੋਈ ਹੈ। ਪੁਲਿਸ ਵੱਲੋਂ ਮਿ੍ਤਕ ਦੀ ਪਤਨੀ ਦੇ ਬਿਆਨਾਂ 'ਤੇ 4 ਔਰਤਾਂ ਸਮੇਤ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਮਿ੍ਤਕ ਮੰਗਾ ਰਾਮ ਦੀ ਪਤਨੀ ਸੀਤਾ ਦੇਵੀ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਨਾਲ ਨਿੱਜੀ ਰੰਜਿਸ਼ ਦੇ ਚਲਦਿਆਂ ਬੁੱਧਵਾਰ ਸਵੇਰੇ ਉਨ੍ਹਾਂ ਦੇ ਘਰ ਦੇ ਬਾਹਰ ਕੁਝ ਔਰਤਾਂ ਗਾਲੀ-ਗਲੋਚ ਕਰ ਰਹੀਆਂ ਸਨ, ਜਿਨ੍ਹਾਂ ਦੀ ਆਵਾਜ਼ ਸੁਣ ਕੇ ਮੰਗ ਰਾਮ ਬਾਹਰ ਗਿਆ ਤਾਂ ਬਾਹਰ ਖੜ੍ਹੇ ਲੋਕਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਮੰਗਾ ਰਾਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।

ਪੁਲਿਸ ਨੇ ਸੀਤੋ ਦੇਵੀ ਦੇ ਬਿਆਨਾਂ 'ਤੇ ਲਾਭ ਰਾਮ, ਉਸ ਦੀ ਪਤਨੀ ਪੂਤੀ, ਲੜਕਿਆਂ ਭਿੰਦੀ ਤੇ ਬੰਟੀ, ਲੜਕੀਆਂ ਨਿੰਮੋ ਤੇ ਆਰਤੀ ਤੋਂ ਇਲਾਵਾ ਜਵਾਈ ਰਿੰਕੂ ਸਮੇਤ 8 ਲੋਕਾਂ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।