ਸਟਾਫ ਰਿਪੋਰਟਰ, ਮਾਨਸਾ : ਵੀਰਵਾਰ ਨੂੰ ਮਾਨਸਾ ਵਿਖੇ ਸੀਏਏ, ਐੱਨਆਰਸੀ ਅਤੇ ਐੱਨਪੀਆਰ ਕਾਨੂੰਨਾਂ ਦੀ ਵਾਪਸੀ ਲਈ 'ਸੰਵਿਧਾਨ ਬਚਾਓ ਮੰਚ ਪੰਜਾਬ' ਦਾ ਚੱਲ ਰਿਹਾ ਮੋਰਚਾ 16ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਇਸ ਦੌਰਾਨ ਮੰਚ ਵਿਚ ਸ਼ਾਮਲ ਧਿਰਾਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਸੰਵਿਧਾਨ ਬਚਾਓ ਮੰਚ ਵੱਲੋਂ ਲਾਏ ਮੋਰਚੇ ਵੱਲੋਂ ਆਪਣੀਆਂ ਗਤੀਵਿਧੀਆਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਉਕਤ ਕਾਨੂੰਨ ਬਾਰੇ ਜਾਣਕਾਰੀ ਦੇਣ ਲਈ ਕਿ ਇਹ ਕਾਨੂੰਨ ਕਿਸ ਤਰ੍ਹਾਂ ਸੰਵਿਧਾਨ ਦਾ ਉਲੰਘਣਾ ਕਰਕੇ ਇਕ ਧਰਮ ਨੂੰ ਖ਼ਾਸ ਟਾਰਗੈਟ ਕਰਕੇ ਕਿਵੇਂ ਬਣਾਇਆ ਗਿਆ ਹੈ, ਮੋਦੀ ਸਰਕਾਰ ਦੀ ਇਸ ਪਿੱਛੇ ਕੀ ਫਿਰਕੂ ਮਨਸ਼ਾ ਹੈ, ਇਸ ਕਾਨੂੰਨ ਦੇ ਲਾਗੂ ਹੋਣ ਨਾਲ ਕੀ ਪ੍ਰਭਾਵ ਪੈਣੇ ਹਨ ਸਬੰਧੀ ਹੱਥ ਪਰਚੇ ਅਤੇ ਪੋਸਟਰ ਪੰਜਾਬ ਦੇ ਪਿੰਡ-ਪਿੰਡ ਅਤੇ ਘਰ-ਘਰ ਪਹੁੰਚਾਏ ਜਾਣਗੇ ਤਾਂ ਜੋ ਮੋਦੀ ਸਰਕਾਰ ਦੀਆਂ ਫਿਰਕੂ ਨੀਤੀਆਂ ਖ਼ਿਲਾਫ਼ ਪੰਜਾਬ ਦੇ ਲੋਕਾਂ ਨੂੰ ਜਾਗਿ੍ਤ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਵੀਰਵਾਰ ਦੇ ਮੋਰਚੇ ਵਿਚ 2 ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਹੜੇ ਪਿਛਲੇ ਦਿਨੀਂ ਆਰਐੱਸਐੱਸ ਦੇ ਗੁੰਡਿਆਂ ਵੱਲੋਂ ਦਿੱਲੀ ਹਿੰਸਾ ਦਾ ਸ਼ਿਕਾਰ ਹੋ ਗਏ ਹਨ। ਇਸ ਸਮੇਂ ਸੰਵਿਧਾਨ ਬਚਾਓ ਮੰਚ ਵੱਲੋਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਰਐੱਸਐੱਸ ਦੀਆਂ ਫੁੱਟ ਪਾਊ ਨੀਤੀਆਂ ਤੋਂ ਸੁਚੇਤ ਰਹਿਣ ਅਤੇ ਧਰਮ ਦੇ ਨਾਂ 'ਤੇ ਫੈਲਾਈ ਜਾ ਰਹੀ ਹਿੰਸਾ ਤੋਂ ਦੂਰ ਰਹਿਣ। ਅੱਜ ਇਸ ਦਿਨ-ਰਾਤ ਦੇ ਮੋਰਚੇ ਵਿਚ ਰਾਤ ਦੀ ਡਿਊਟੀ ਰੁਲਦੂ ਸਿੰਘ ਮਾਨਸਾ ਸੂਬਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਕਰਨੈਲ ਸਿੰਘ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਕਰਮ ਸਿੰਘ ਅਹਿਮਦਪੁਰ, ਸੁਖਚਰਨ ਸਿੰਘ ਦਾਨੇਵਾਲੀਆ ਨੇ ਨਿਭਾਈ। ਅੱਜ ਇਸ ਧਰਨੇ ਨੂੰ ਡਾ. ਸੁਰਿੰਦਰ ਸਿੰਘ, ਕਾ. ਰਤਨ ਭੋਲਾ ਸੀਪੀਆਈ, ਭਜਨ ਸਿੰਘ ਘੁੰਮਣ ਕ੍ਾਂਤੀਕਾਰੀ ਕਿਸਾਨ ਯੂਨੀਅਨ, ਸੁਖਦੇਵ ਸਿੰਘ ਪੰਧੇਰ, ਕਸ਼ਮੀਰ ਕੌਰ, ਡਾ. ਧੰਨਾ ਮੱਲ ਗੋਇਲ ਮੈਡੀਕਲ ਪ੍ਰਰੈਕਟੀਸ਼ਨਰਜ਼ ਐਸੋਸੀਏਸ਼ਨ, ਜਸਵੀਰ ਕੌਰ ਨੱਤ ਆਗੂ ਏਪਵਾ, ਅਵਤਾਰ ਸਿੰਘ ਮੰਢਾਲੀ ਅਤੇ ਕਾ. ਨਛੱਤਰ ਸਿੰਘ ਖੀਵਾ ਨੇ ਸੰਬੋਧਨ ਕੀਤਾ।