ਜਗਤਾਰ ਸਿੰਘ ਧੰਜਲ, ਮਾਨਸਾ : ਲੋਕ ਸਭਾ ਚੋਣਾਂ ਦੌਰਾਨ ਧੜਿਆਂ ਵਿਚ ਵੰਡੀ ਕਾਂਗਰਸ ਨੂੰ ਇਕਮਿਕ ਹੋਣ ਲਈ ਹਾਈਕਮਾਨ ਵੱਲੋਂ ਕੀਤੀ ਗਈ ਹਦਾਇਤ ਦਾ, ਜਦੋਂ ਡਾ. ਨਵਜੋਤ ਕੌਰ ਸਿੱਧੂ ਦੀਆਂ ਚੋਣ ਰੈਲੀਆਂ ਦੌਰਾਨ ਜਲੂਸ ਨਿੱਕਲ ਗਿਆ ਤਾਂ ਇਸ ਮਾਮਲੇ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਹਾਈਕਮਾਨ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ। ਪਾਰਟੀ ਵੱਲੋਂ ਸਾਰੇ ਵਰਕਰਾਂ ਨੂੰ ਰਲ-ਮਿਲ ਕੇ ਲੋਕ ਸਭਾ ਚੋਣਾਂ ਲਈ ਵਿੱਢੀ ਜੰਗ ਦੌਰਾਨ ਆਪਸੀ ਏਕਤਾ ਰੱਖਣ ਦੀ ਸਖ਼ਤ ਹਦਾਇਤ ਕੀਤੀ ਗਈ ਹੈ ਅਤੇ ਜਿਹੜੇ ਆਗੂ ਅਜੇ ਵੀ ਇਕ ਦੂਜੇ ਵਿਰੁੱਧ ਬੋਲਣ ਤੋਂ ਬਾਜ ਨਹੀਂ ਆਏ, ਉਨ੍ਹਾਂ ਵਿਰੁੱਧ ਹਾਈਕਮਾਨ ਵੱਲੋਂ ਸਖ਼ਤੀ ਕਰਨ ਦੇ ਸੰਕੇਤ ਦਿੱਤੇ ਗਏ ਹਨ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂਆਂ ਦੇ ਧਿਆਨ ਵਿਚ ਇਹ ਮਾਮਲਾ ਉਸ ਘਟਨਾ ਦਾ ਲਿਆਂਦਾ ਗਿਆ, ਜਦੋਂ ਬਠਿੰਡਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਰੱਖੀ ਗਈ ਚੋਣ ਰੈਲੀ ਵਿਚ ਕਾਂਗਰਸੀ ਆਪਸ ਵਿਚ ਹੀ ਖਹਿਬੜ ਪਏ। ਪ੍ਰਰੋਗਰਾਮ ਦੌਰਾਨ ਮੁੱਖ ਮਹਿਮਾਨ ਵੱਜੋਂ ਪੁੱਜੇ ਡਾ. ਨਵਜੋਤ ਕੌਰ ਸਿੱਧੂ ਦੇ ਆਉਣ ਤੋਂ ਪਹਿਲਾਂ ਮੁਸ਼ਕਲ ਨਾਲ ਕਾਂਗਰਸੀਆਂ ਨੂੰ ਸ਼ਾਂਤ ਕਰਵਾਇਆ ਗਿਆ। ਇਸ ਦੌਰਾਨ ਸ਼ਹਿਰ ਵਿੱਚ ਬਣ ਰਹੇ ਪਾਰਕ ਦਾ ਮੁੱਦਾ ਵੀ ਉਠਿਆ, ਜਦੋਂ ਹੀ ਮੰਚ 'ਤੇ ਵਾਰੋ-ਵਾਰੀ ਨੇਤਾ ਬੋਲ ਰਹੇ ਸਨ ਤਾਂ ਇੱਕ ਵਿਅਕਤੀ ਨੇ ਪਾਰਕ ਉਸਾਰੀ ਮਾਮਲੇ ਵਿਚ ਪੈਸੇ ਹੜੱਪਣ ਦੇ ਦੋਸ਼ ਲਾਏ। ਉਸ ਤੋਂ ਪਹਿਲਾਂ ਇਕ ਹੋਰ ਨੇ ਟਰੱਕ ਯੂਨੀਅਨ ਵਿਚ ਸਿਆਸੀ ਨੇਤਾਵਾਂ ਦੀ ਦਖਲਅੰਦਾਜ਼ੀ ਨਾਲ ਹੁੰਦੇ ਕਬਜ਼ੇ ਨੂੰ ਮੰਚ ਤੋਂ ਉਠਾਇਆ ਗਿਆ। ਕਾਂਗਰਸ ਪਾਰਟੀ ਵਿਚ ਨਵੇਂ ਸ਼ਾਮਲ ਹੋਏ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਵੀ ਅਜੇ ਤਕ ਕਾਂਗਰਸੀਆਂ ਵੱਲੋਂ ਮੂੰਹ ਨਹੀਂ ਲਾਇਆ ਗਿਆ ਹੈ ਅਤੇ ਵੱਡੇ ਸਮਾਗਮਾਂ ਵਿਚ ਸਾਂਝੇ ਮੰਚ ਤੋਂ ਅਜੇ ਤਕ ਬੋਲਣ ਨਹੀਂ ਦਿੱਤਾ ਗਿਆ ਹੈ। ਭਾਵੇਂ ਉਸ ਨੂੰ ਨਵਜੋਤ ਕੌਰ ਸਿੱਧੂ ਵੱਲੋਂ ਭੀਖੀ ਤੋਂ ਮਾਨਸਾ ਤੱਕ ਆਪਣੀ ਗੱਡੀ ਵਿਚ ਬਿਠਾਇਆ ਗਿਆ, ਜਿਸ ਨੂੰ ਹੋਰਨਾਂ ਕਾਂਗਰਸੀਆਂ ਵੱਲੋਂ ਨਹੀਂ ਝੱਲਿਆ ਗਿਆ ਹੈ।

ਮਾਨਸਾ ਦੇ ਕਾਂਗਰਸੀਆਂ ਦੀ ਇਹ ਲੜਾਈ ਉਸ ਵੇਲੇ ਜੱਗ ਜ਼ਾਹਿਰ ਹੋ ਗਈ, ਜਦੋਂ ਡਾ. ਸਿੱਧੂ ਦੇ ਮਾਨਸਾ ਵਿਖੇ ਹੋਏ ਸਮਾਗਮ ਦੌਰਾਨ ਮੰਚ ਤੋਂ ਸੰਬੋਧਨ ਕਰਦਿਆਂ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਸ਼ਹਿਰ ਵਿਚਲੇ ਪਾਰਕ ਸਬੰਧੀ ਇਕ ਪ੍ਰਤੀਕਿਰਿਆ ਕੀਤੀ ਤਾਂ ਇਸ ਨੂੰ ਲੈਕੇ ਮੰਚ 'ਤੇ ਖਲਬਲੀ ਮੱਚ ਗਈ। ਇਸ ਦੇ ਜਵਾਬ ਵਿਚ ਬੋਲਦਿਆਂ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਉਹ ਇਕਜੁੱਟ ਹਨ। ਬਾਂਸਲ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਵਿਚ ਕਾਂਗਰਸੀਆਂ ਦੀ ਕੋਈ ਸੁਣਵਾਈ ਨਹੀਂ ਹੈ।

ਇਕ ਕਾਂਗਰਸੀ ਆਗੂ ਨੇ ਕਿਹਾ ਕਿ ਸਿਆਸੀ ਫਿਜਾ ਬਦਲਣ ਤੋਂ ਬਾਅਦ ਹੋਰਨਾਂ ਪਾਰਟੀਆਂ 'ਚੋਂ ਕਾਂਗਰਸ ਵਿਚ ਸ਼ਾਮਲ ਹੋਏ ਆਗੂ ਹੀ ਹੁਣ ਪਾਰਟੀ ਲਈ ਸਿਰਦਰਦੀ ਬਣ ਲੱਗੇ ਹਨ, ਜਿਸ ਨੂੰ ਲੈ ਕੇ ਪਾਰਟੀ ਵਰਕਰ ਮੇਹਣੋ-ਮੇਹਣੀ ਹੁੰਦੇ ਰਹੇ ਹਨ।