ਕੁਲਜੀਤ ਸਿੰਘ ਸਿੱਧੂ, ਮਾਨਸਾ : ਹਿੰਦੁਸਤਾਨ 'ਚ ਪਾਕਿਸਤਾਨ ਦੇ ਸੋਹਲੇ ਗਾਉਣ ਵਾਲਿਆਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਕਸਬੇ ਦੀ ਰੇਹੜੀ 'ਤੇ ਵਿਕਣ ਲਈ ਕਸ਼ਮੀਰ ਤੋਂ ਆਈਆਂ ਸੇਬ ਦੀਆਂ ਪੇਟੀਆਂ 'ਚ ਆਏ ਸੇਬਾਂ 'ਤੇ ਪਾਕਿਸਤਾਨ ਦੇ ਹੱਕ 'ਚ ਸਲੋਗਨ ਲਿਖੇ ਮਿਲੇ ਹਨ। ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੀ ਮਨਸ਼ਾ ਨਾਲ ਸੇਬਾਂ 'ਤੇ 'ਪਾਕਿਸਤਾਨ ਜ਼ਿੰਦਾਬਾਦ' ਤੇ 'ਹਮ ਪਾਕਿਸਤਾਨੀ ਹੈਂ' ਤੇ 'ਪਾਕਿਸਤਾਨ ਹਮਾਰਾ ਹੈ' ਵਰਗੇ ਸਲੋਗਨ ਲਿਖੇ ਪਾਏ ਗਏ ਹਨ।

ਪੁਲਿਸ ਨੇ ਉਕਤ ਸੇਬਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਥਾਨਕ ਬੱਸ ਸਟੈਂਡ ਦੇ ਕੋਲ ਲੱਗੀ ਰੇਹੜੀ 'ਤੇ ਉਸ ਦੇ ਮਾਲਿਕ ਨੇ ਜਿਉਂ ਹੀ ਪੇਟੀ ਖੋਲ੍ਹ ਕੇ ਉਸ ਵਿੱਚੋਂ ਸੇਬ ਕੱਢੇ ਗਏ ਤਾਂ ਉਸ ਉੱਪਰ ਉਕਤ ਸਲੋਗਨ ਲਿਖੇ ਦਿਖਾਈ ਦਿੱਤੇ। ਰੇਹੜੀ 'ਤੇ ਕੰਮ ਕਰਨ ਵਾਲੇ ਬੂਟਾ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਸੇਬਾਂ ਦੀ ਪੇਟੀ ਨੂੰ ਖੋਲ੍ਹ ਕੇ ਸੇਬ ਕੱਢਣੇ ਸ਼ੁਰੂ ਕੀਤੇ ਤਾਂ ਉਸ ਨੂੰ ਪੇਟੀ 'ਚ ਰੱਖੇ ਸੇਬ 'ਤੇ ਕੁੱਝ ਲਿਖਿਆ ਜਾਪਿਆ।

ਉਸ ਨੇ ਦੱਸਿਆ ਕਿ ਉਸ ਨੇ ਸੇਬ 'ਤੇ ਲਿਖੇ ਨੂੰ ਧੋ ਕੇ ਢਾਹੁਣਾ ਚਾਹਿਆ ਤਾਂ ਵੀ ਉਹ ਨਹੀਂ ਮਿਟਿਆ। ਉਨ੍ਹਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸੇਬ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਰੇਹੜੀ ਵਾਲੇ ਨੇ ਉਕਤ ਸੇਬ ਮਾਨਸਾ ਮੰਡੀ ਤੋਂ ਖ਼ਰੀਦ ਕੀਤੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਸੇਬ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।