ਜਗਤਾਰ ਸਿੰਘ ਧੰਜਲ, ਮਾਨਸਾ : ਸ਼ਹਿਰ ਦੇ ਵਾਟਰ ਵਰਕਸ ਰੋਡ ਤੋਂ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ ਜਾ ਰਹੇ ਇੱਕ ਮੈਡੀਕਲ ਸਟੋਰ ਦੇ ਮੁਲਾਜ਼ਮ ਤੋਂ 1 ਲੱਖ 60 ਹਜ਼ਾਰ ਰੁਪਏ ਲੁੱਟ ਲਏ ਹਨ। ਦਿਨ ਸਮੇਂ ਵਾਪਰੀ ਇਸ ਘਟਨਾ ਨੂੰ ਲੈ ਕੇ ਸ਼ਹਿਰ ਵਿੱਚ ਹੜਕੰਪ ਮੱਚ ਗਿਆ, ਪਰ ਲੁਟੇਰਿਆਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਸ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਆਸੇ ਪਾਸੇ ਦੇ ਕੈਮਰੇ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ। ਸ਼ਾਮ ਤਕ ਪੁਲਿਸ ਨੂੰ ਇਸ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ।

ਸ਼ਹਿਰ ਦੇ ਇੱਕ ਮੈਡੀਕਲ ਸਟੋਰ ਤੇ ਕੰਮ ਕਰਦਾ ਮੁਲਾਜ਼ਮ ਸੁਰੇਸ਼ ਕੁਮਾਰ ਦੁਪਹਿਰ ਸਮੇਂ ਇੱਕ ਲੱਖ 60 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਉਸ ਨੂੰ ਬੈਂਕ ਵਿੱਚ ਜਮ੍ਹਾ ਕਰਵਾਉਣ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ 'ਤੇ ਕੁਝ ਅਣਪਛਾਤੇ ਵਿਅਕਤੀ ਉਸ ਕੋਲ ਆਏ ਅਤੇ ਪੈਸਿਆਂ ਵਾਲਾ ਥੈਲਾ ਖੋਹ ਕੇ ਫਰਾਰ ਹੋ ਗਏ। ਰੋਲਾ ਪੈਣ ਤੇ ਲੁਟੇਰੇ ਉਥੋਂ ਨਿਕਲਣ 'ਚ ਸਫਲ ਹੋ ਗਏ। ਪੁਲਿਸ ਨੂੰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਇੱਕ ਮੈਡੀਕਲ ਸਟੋਰ ਤੇ ਨੌਕਰੀ ਕਰਦਾ ਹੈ ਅਤੇ ਸਟੋਰ ਦੇ ਪੈਸੇ ਹੀ ਉਹ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ। ਥਾਣਾ ਸਿਟੀ-1 ਦੇ ਮੁੱਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਸੁਰੇਸ਼ ਕੁਮਾਰ ਦਾ ਬਿਆਨ ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਨੌਜਵਾਨ ਤੋਂ 1 ਲੱਖ 60 ਹਜ਼ਾਰ ਰੁਪਏ ਦੀ ਲੁੱਟ ਹੋਣੀ ਦੱਸੀ ਗਈ ਹੈ। ਜਿਸ ਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।