ਪੱਤਰ ਪ੍ਰਰੇਰਕ, ਬੁਢਲਾਡਾ : ਬੀਤੀ ਰਾਤ ਪਿੰਡ ਫਫੜੇ ਭਾਈਕੇ ਤੇ ਗੁਰਨੇ ਕਲਾਂ ਵਿਚਕਾਰ ਸੜਕ 'ਤੇ ਜਾ ਰਹੇ ਦੋ ਮੋਟਰਸਾਈਕਲ ਸਵਾਰਾਂ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਫੇਟ ਮਾਰ ਦੇਣ ਨਾਲ ਇੱਕ ਨੌਜਵਾਨ ਦੀ ਮੌਤ ਅਤੇ ਦੂਜਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਜੀਤਗੜ੍ਹ (ਬੀਰੋਕੇ ਖੁਰਦ) ਦੇ ਗਰੀਬ ਪਰਿਵਾਰਾਂ ਦੇ ਡੂੰਘੇ ਟਿਊਬੈਲ ਲਾਉਣ ਦਾ ਕੰਮ ਕਰਦੇ ਦੋ ਨੌਜਵਾਨ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਾਨਸਾ ਤੋਂ ਬੁਢਲਾਡਾ ਵੱਲ ਆ ਰਹੇ ਸਨ ਤਾਂ ਰਾਤ 8 ਵਜੇ ਦੇ ਕਰੀਬ ਕਿਸੇ ਅਣਪਛਾਤੇ ਵਾਹਨ ਨੇ ਇਨ੍ਹਾਂ ਦੇ ਮੋਟਰਸਾਇਕਲ ਨੂੰ ਫੇਟ ਮਾਰ ਦਿੱਤੀ। ਜਿਸ ਦੇ ਸਿੱਟੇ ਵਜੋਂ ਗੁਲਾਬ ਸਿੰਘ ਪੁੱਤਰ ਦੇਵ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤਰਸੇਮ ਸਿੰਘ ਪੁੱਤਰ ਮਿੱਠੂ ਸਿੰਘ ਬੀਰੋਕੇ ਖੁਰਦ ਗੰਭੀਰ ਜ਼ਖ਼ਮੀ ਹੋ ਗਿਆ। ਕਿਸੇ ਰਾਹਗੀਰ ਵੱਲੋਂ ਹਸਪਤਾਲ ਵਿਖੇ ਸੂਚਨਾ ਦੇਣ 'ਤੇ ਦੋਨਾਂ ਨੂੰ ਸਿਵਲ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਗਿਆ। ਪਿੰਡ ਦੇ ਸਾਬਕਾ ਸਰਪੰਚ ਭੋਲਾ ਸਿੰਘ ਬੀਰੋਕੇ ਅਤੇ ਪਿੰਡ ਦੇ ਹੋਰਨਾਂ ਮੋਹਤਬਰ ਵਿਅਕਤੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਇਸ ਮੰਦਭਾਗੀ ਦੁਰਘਟਨਾ ਦੇ ਜ਼ਿਮੇਵਾਰ ਫਰਾਰ ਵਾਹਨ ਚਾਲਕ ਦੀ ਭਾਲ ਕਰਵਾਉਣ ਦੀ ਅਪੀਲ ਕੀਤੀ ਹੈ।