ਪੱਤਰ ਪੇ੍ਰਰਕ, ਮਾਨਸਾ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ, ਸਟੇਟ ਮੈਂਬਰ ਕਰਮਜੀਤ ਸਿੰਘ ਤਾਮਕੋਟ ਅਤੇ ਗੁਰਪ੍ਰਰੀਤ ਸਿੰਘ ਦਲੇਲਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਸ਼ਹਿਰ 5 ਦਸੰਬਰ ਨੂੰ ਪੈਨਸ਼ਨ ਪ੍ਰਰਾਪਤੀ ਲਈ ਹੋਣ ਵਾਲੀ ਰੈਲੀ ਫ਼ੈਸਲਾਕੁੰਨ ਹੋਵੇਗੀ। ਆਗੂਆਂ ਨੇ ਜਾਣਕਾਰੀ ਦਿੱਤੀ ਕਿ ਇਸ ਸਬੰਧੀ ਲਾਮਬੰਦੀ ਲਈ ਤਿਆਰੀਆਂ ਜੋਰ ਸ਼ੋਰ ਨਾਲ ਚੱਲ ਰਹੀਂਆਂ ਹਨ। ਆਗੂਆਂ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ 'ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ, ਜੋ ਕਿ ਵਫਾ ਨਹੀਂ ਹੋਇਆ, ਜਿਸ ਕਰਕੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਉਨਾਂ੍ਹ ਕਿਹਾ ਕਿ ਪੁਰਾਣੀ ਪੈਨਸ਼ਨ ਸਾਡਾ ਹੱਕ ਹੈ ਜਿਸ ਨੂੰ ਹਰ ਹਾਲਤ ਵਿੱਚ ਪ੍ਰਰਾਪਤ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਖੇਤੀ ਕਾਨੂੰਨ ਰੱਦ ਹੋ ਸਕਦੇ ਹਨ, ਬਿਜਲੀ ਸਮਝੌਤੇ ਰੱਦ ਕਰਨ ਲਈ ਪ੍ਰਸਤਾਵ ਲਿਆਂਦਾ ਜਾ ਸਕਦਾ ਤਾਂ ਕਾਰਪੋਰੇਟ ਲੋਕਾਂ ਨਾਲ ਕੀਤਾ ਐੱਨ.ਪੀ.ਐੱਸ. ਸਮਝੌਤਾ ਰੱਦ ਕਿਉਂ ਨਹੀਂ ਕੀਤਾ ਜਾ ਸਕਦਾ। ਲੋਕਾਂ ਦੇ ਹਿਤਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਰੱਖਣ ਵਾਲੀਆਂ ਸਰਕਾਰਾਂ ਕਦੀ ਵੀ ਲੋਕਤੰਤਰਿਕ ਨਹੀਂ ਹੋ ਸਕਦੀਆਂ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਲੋਕ ਮਾਰੂ ਸਮਝੌਤੇ ਰੱਦ ਕਰਕੇ ਮੁਲਾਜ਼ਮਾਂ ਨੂੰ ਪਹਿਲਾਂ ਦੀ ਤਰਾਂ੍ਹ ਪੁਰਾਣੀ ਪੈਨਸ਼ਨ ਬਹਾਲ ਕਰੇ। ਆਗੂਆਂ ਨੇ ਕਿਹਾ ਕਿ ਐੱਨ.ਪੀ.ਐੱਸ. ਦੇ ਮਾਰੂ ਪ੍ਰਭਾਵ ਦੇ ਸਭ ਦੇ ਸਾਹਮਣੇ ਆ ਚੁੱਕੇ ਹਨ ਜਿਸ ਦੇ ਗੰਭੀਰ ਸਿੱਟੇ ਰਿਟਾਇਰ ਹੋ ਰਹੇ ਮੁਲਾਜ਼ਮ ਭੁਗਤ ਰਹੇ ਹਨ। ਅਜਿਹੇ ਵਿੱਚ ਸਰਕਾਰ ਦੇ ਮੂਕ ਦਰਸ਼ਕ ਬਣ ਕੇ ਦੇਖਦੇ ਰਹਿਣਾ 2004 ਤੋਂ ਬਾਅਦ ਭਰਤੀ ਹੋਏ ਸਮੁੱਚੇ ਮੁਲਾਜ਼ਮਾਂ ਨੂੰ ਰੜਕਦਾ ਹੈ। ਰੈਡੀ ਕਮੇਟੀ ਦੀ ਰਿਪੋਰਟ ਵੀ ਸਰਕਾਰ ਜਾਣ ਬੁੱਝ ਕੇ ਲਟਕਾ ਰਹੀ ਹੈ ਤੇ ਟਾਇਮ ਪਾਸ ਕਰ ਰਹੀ ਹੈ। ਪਰ ਹੁਣ ਗੱਲ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ, 5 ਦਸੰਬਰ ਦੀ ਰੈਲੀ ਲਈ ਮੁਲਾਜਮ ਤਿਆਰ ਬਰ ਤਿਆਰ ਹਨ। ਇਹ ਰੈਲੀ ਜਬਰਦਸਤ ਹੋਵੇਗੀ ਜੋ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦੇਵੇਗੀ।