v> ਸੁਰਿੰਦਰ ਲਾਲੀ, ਮਾਨਸਾ : ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਅਧਿਆਪਕਾਂ ਦੀਆਂ ਕੱਢੀਆਂ ਗਈਆਂ ਅਸਾਮੀਆਂ ਲਈ ਸੂਬੇ ਭਰ ਵਿੱਚ ਸਕੂਲਾਂ ਵਿੱਚ ਵਲੰਟੀਅਰ ਦੇ ਤੌਰ ਤੇ ਸੇਵਾ ਨਿਭਾ ਰਹੇ ਅਧਿਆਪਕਾਂ ਦਾ ਡੀ.ਈ.ਐਲ.ਈ (ਐਨ.ਟੀ.ਟੀ.) ਦੇ ਪੇਪਰ ਸੋਮਵਾਰ ਨੂੰ ਵੱਖ ਵੱਖ ਸੈਂਟਰਾਂ ਵਿਖੇ ਲਏ ਗਏ। ਜਿਸ ਦੇ ਤਹਿਤ ਸਥਾਨਕ ਸ਼ਹਿਰ ਵਿਖੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਅਤੇ ਐਸ.ਡੀ. ਕੰਨਿਆ ਮਹਾਂਵਿਦਿਆਲਿਆ ਵਿਖੇ ਇਹ ਪੇਪਰ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ. ਕਾਲਜ ਦੇ ਪ੍ਰਿੰਸੀਪਲ ਜਗਮੋਹਿਨੀ ਗਾਬਾ ਨੇ ਦੱਸਿਆ ਕਿ ਇਹ ਟੈਸਟ ਦਿੱਲੀ ਦੀ ਇੰਦਰਾ ਗਾਂਧੀ ਓਪਨ ਯੂਨੀ. (ਇੰਗਨੋ) ਵੱਲੋਂ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 2 ਪੇਪਰ ਅਜੇ ਬਾਕੀ ਹਨ, ਜੋ ਕਿ 7 ਅਕਤੂਬਰ ਅਤੇ 14 ਅਕਤੂਬਰ ਨੂੰ ਹੋਣੇ ਹਨ। ਉਨ੍ਹਾਂ ਦੱਸਿਆ ਕਿ ਇਹ ਟੈਸਟ ਦੇਣ ਲਈ ਪੂਰੇ ਪੰਜਾਬ ਭਰ ਵਿੱਚ 10 ਹਜ਼ਾਰ ਵਲੰਟੀਅਰਾਂ ਨੇ ਹਿੱਸਾ ਲਿਆ। ਜਿੰਨਾਂ ਵਿੱਚੋਂ 8393 ਟੈਸਟ ਪਾਸ ਯੋਗਤਾ ਰੱਖਣ ਵਾਲੇ ਅਧਿਆਪਕਾਂ ਨੂੰ ਨੌਕਰੀ ਤੇ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਨਸਾ ਦੇ ਐਸ.ਡੀ ਕਾਲਜ ਵਿਖੇ 400 ਦੇ ਲਗਭਗ ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਪੇਪਰ ਦੇਣ ਆਉਣ ਵਾਲੇ ਵਿਅਕਤੀਆਂ ਨੂੰ ਕਾਲਜ ਵੱਲੋਂ ਸੈਨੇਟਾਈਜ ਕਰ ਕੇ ਪ੍ਰੀਖਿਆ ਕੇਂਦਰ ਵਿਖੇ ਭੇਜਿਆ ਗਿਆ। ਇਸ ਦੇ ਨਾਲ ਨਾਲ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿਖੇ 2 ਗਜ ਦੀ ਦੂਰੀ ਤੇ ਬਿਠਾਇਆ ਗਿਆ, ਜਿੱਥੇ ਉਨ੍ਹਾਂ ਨੇ ਮਾਸਕ ਅਤੇ ਗਲਬਜ਼ ਪਹਿਨ ਕੇ ਪ੍ਰੀਖਿਆ ਦਿੱਤੀ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਇੰਨਾ ਪੇਪਰਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਪਹਿਲਾਂ ਤੋਂ ਜਾਣੂ ਕਰਵਾਇਆ ਸੀ, ਜਿਸ ਤੇ ਪ੍ਰਸ਼ਾਸ਼ਨ ਵੱਲੋਂ ਅਨੁਸ਼ਾਸ਼ਨ ਬਣਾਈ ਰੱਖਣ ਲਈ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।

Posted By: Tejinder Thind