ਸੁਖਵਿੰਦਰ ਨਿੱਕੂ, ਸਰਦੂਲਗੜ੍ਹ: ਬੀਤੀ ਰਾਤ ਪਿੰਡ ਰੋੜੀ ਵਿਖੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮਾਮਲਾ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ। ਮਿ੍ਤਕ ਦੀ ਪਹਿਲਾਂ ਪਹਿਲਾਂ ਲੱਤ ਵੱਢ ਦਿੱਤੀ ਗਈ ਤੇ ਫਿਰ ਉਸ ਨੂੰ ਜਾਨੋਂ ਵੀ ਮਾਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਰੋੜੀ ਦਾ ਰਹਿਣ ਵਾਲਾ 21 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਬੀਤੀ ਰਾਤ ਪਿੰਡ ਦੇ ਬਲਵਿੰਦਰ ਸਿੰਘ ਦੇ ਘਰ ਦਾਖ਼ਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਨੌਜਵਾਨ ਦੇ ਬਲਵਿੰਦਰ ਸਿੰਘ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ। ਜਿਵੇਂ ਹੀ ਇਹ ਨੌਜਵਾਨ ਰਾਤ ਨੂੰ ਆਪਣੀ ਪ੍ਰੇਮਿਕਾ ਦੇ ਘਰ ਦਾਖ਼ਲ ਹੋਇਆ ਤਾਂ ਪ੍ਰੇਮਿਕਾ ਦੇ ਪਤੀ ਨੇ ਪਹਿਲਾਂ ਉਸ ਨੌਜਵਾਨ ਦੀ ਗੰਡਾਸੀ ਨਾਲ ਲੱਤ ਵੱਢ ਦਿੱਤੀ, ਫਿਰ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

ਪੁਲਿਸ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਗਈ। ਥਾਣਾ ਮੁਖੀ ਈਸ਼ਵਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਿ੍ਤਕ ਗੁਰਪ੍ਰੀਤ ਸਿੰਘ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਰਸਾ ਦੇ ਸਿਵਲ ਹਸਪਤਾਲ ਭੇਜ ਦਿੱਤੀ ਹੈ ਤੇ ਬਲਵਿੰਦਰ ਸਿੰਘ ਕੋਲੋਂ ਵਾਰਦਾਤ 'ਚ ਵਰਤਿਆ ਹਥਿਆਰ ਬਰਾਮਦ ਕਰ ਕੇ ਮਿ੍ਤਕ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।