ਜਗਤਾਰ ਸਿੰਘ ਧੰਜਲ, ਮਾਨਸਾ : ਪਿੰਡ ਕੋਟਲੀ ਕਲਾਂ ਵਿਖੇ ਰੰਜਿਸ਼ ਕਾਰਨ ਕੁਝ ਵਿਅਕਤੀਆਂ ਨੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਹੈ। ਮਿ੍ਤਕ ਦੀ ਪਛਾਣ ਭੋਲਾ ਸਿੰਘ ਵਜੋਂ ਹੋਈ ਹੈ। ਪੁਲਿਸ ਸਦਰ ਥਾਣਾ, ਮਾਨਸਾ ਨੂੰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀ ਉਨ੍ਹਾਂ ਦੇ ਘਰ ਗੇਟ ਟੱਪ ਕੇ ਘਰ ’ਚ ਦਾਖ਼ਲ ਹੋਏ ਅਤੇ ਲੱਕੜ ਦੇ ਟੰਬੇ ਨਾਲ ਉਸ ਦੇ ਪਿਤਾ ਭੋਲਾ ਸਿੰਘ ’ਤੇ ਹਮਲਾ ਕਰ ਦਿੱਤਾ।

ਉਸ ਵੱਲੋਂ ਰੌਲਾ ਪਾਉਣ ’ਤੇ ਉਕਤ ਵਿਅਕਤੀ ਮੌਕੇ ਤੋਂ ਭੱਜ ਗਏ। ਭੋਲਾ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਇਸੰਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਹਮਲਾਵਰ ਭੋਲਾ ਸਿੰਘ ਨਾਲ ਰੰਜ਼ਿਸ਼ ਰੱਖਦੇ ਸਨ ਤੇ ਕਿਸੇ ਜ਼ਮੀਨੀ ਮਾਮਲੇ ’ਚ ਭੋਲਾ ਸਿੰਘ ਵੱਲੋਂ ਕੁਝ ਵਿਅਕਤੀਆਂ ਦੀ ਮਦਦ ਕਰਨ ਕਾਰਨ ਉਸ ’ਤੇ ਹਮਲਾ ਕੀਤਾ ਗਿਆ, ਜਿਸ ’ਚ ਉਸ ਦੀ ਮੌਤ ਹੋ ਗਈ। ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਜਸਗੀਰ ਸਿੰਘ, ਸੰਤੂ ਸਿੰਘ, ਸੁਖਦੇਵ ਸਿੰਘ, ਲੱਖਾ ਸਿੰਘ ਵਾਸੀ ਕੋਟਲੀ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਨਹੀਂ ਹੋਈ ਹੈ।

ਪੁਲਿਸ ਮੁਲਾਜ਼ਮ ਦੀ ਕੁੱਟਮਾਰ ਦੇ ਮਾਮਲੇ ’ਚ ਰੇਹੜੀ ਵਾਲਾ ਨਾਜ਼ਮਦ

ਸ਼ਹਿਰ ਦੇ ਰੇਲਵੇ ਫਾਟਕ ਨੇੜੇ ਇਕ ਰੇਹੜੀ ਵਾਲੇ ਵੱਲੋਂ ਪੁਲਿਸ ਮੁਲਾਜ਼ਮਦੀ ਕੀਤੀ ਕੁੱਟਮਾਰ ਦੇ ਦੋਸ਼ ਹੇਠ ਸਿਟੀ-2 ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਟ੍ਰੈਫਿਕ ਪੁਲਿਸ ’ਚ ਤਾਇਨਾਤ ਥਾਣੇਦਾਰ ਸੁਰੇਸ਼ ਕੁਮਾਰ ਸਿੰਘ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਰੇਲਵੇ ਫਾਟਕ ਨੇੜੇ ਲੱਗੀਆਂ ਰੇਹੜੀਆਂ ਨੂੰ ਹਟਾਉਣਾ ਚਾਹਿਆ ਤਾਂ ਤਾਲਿਬ ਖਾਂ ਨਾਮੀ ਵਿਅਕਤੀ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਦੀ ਵਰਦੀ ਪਾੜ ਦਿੱਤੀ। ਮਾਮਲੇ ਦੀ ਪੜਤਾਲ ਤੋਂ ਬਾਅਦ ਸਹਾਇਕ ਥਾਣੇਦਾਰ ਸਮਸ਼ੇਰ ਸਿੰਘ ਨੇ ਰੇਹੜੀ ਚਾਲਕ ਤਾਲਬ ਖਾਂ ਪੁੱਤਰ ਵਕੀਲ ਖਾਂ ਵਾਸੀ ਮਾਨਸਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

Posted By: Jagjit Singh