ਜਗਤਾਰ ਸਿੰਘ ਧੰਜਲ, ਮਾਨਸਾ : ਪਰਿਵਾਰ ਨੂੰ ਸ਼ਾਇਦ ਇਹ ਚਿੱਤ ਚੇਤੇ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਦਾ ਘਰੋਂ ਗਿਆ ਪੁੱਤਰ ਹੁਣ ਕਦੇ ਵਾਪਸ ਨਹੀਂ ਪਰਤੇਗਾ। ਜਦੋਂ ਮਾਨਸਾ ਦੇ ਵਾਰਡ ਨੰ: 9 ਦੇ ਵਾਸੀ ਇੱਕ ਪਰਿਵਾਰ ਨੂੰ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ।

19 ਸਾਲਾ ਨੌਜਵਾਨ ਰਮਨਦੀਪ ਸਿੰਘ ਦੇ ਕਤਲ ਨੂੰ ਲੈ ਕੇ ਪੂਰੇ ਮੁਹੱਲੇ ਵਿੱਚ ਸੋਗ ਫੈਲ ਗਿਆ ਹੈ। ਭੀਖੀ ਪੁਲਿਸ ਨੇ 4 ਵਿਅਕਤੀਆਂ ਨੂੰ ਇਸ ਵਿੱਚ ਨਾਮਜ਼ਦ ਕਰਕੇ ਕੁੱਝ ਅਣਪਛਾਤਿਆਂ 'ਤੇ ਵੀ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਹ ਕਤਲ ਕਿਵੇਂ ਕੀਤਾ ਗਿਆ ਅਤੇ ਕਿਸ ਤਰ੍ਹਾਂ ਰਮਨਦੀਪ ਸਿੰਘ ਨੂੰ ਭੀਖੀ ਲਿਜਾਇਆ ਗਿਆ। ਇਸ ਦੀ ਭੀਖੀ ਪੁਲਿਸ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ। ਰਮਨਦੀਪ ਸਿੰਘ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਅੱਜਕੱਲ ਇਕ ਕੋਰਸ ਕਰ ਰਿਹਾ ਸੀ।

ਭੀਖੀ ਪੁਲਿਸ ਨੂੰ ਦਿੱਤੇ ਗਏ ਬਿਆਨ ਮੁਤਾਬਿਕ ਮ੍ਰਿਤਕ ਨੌਜਵਾਨ ਰਮਨਦੀਪ ਸਿੰਘ ਦੇ ਭਰਾ ਕੁਲਵੀਰ ਸਿੰਘ ਦਾ ਕਹਿਣਾ ਹੈ ਕਿ ਜਦ ਉਸ ਦਾ ਭਰਾ ਘਰੋਂ ਗਿਆ ਤਾਂ ਉਨ੍ਹਾਂ ਨੇ ਉਸ ਦੀ ਤਲਾਸ਼ ਕੀਤੀ, ਮੋਬਾਈਲ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਰਿਸ਼ਤੇਦਾਰੀਆਂ ਤੇ ਹੋਰ ਆਸੇ ਪਾਸੇ ਭਾਲ ਕੀਤੀ, ਪਰ ਉਸ ਦਾ ਕੁੱਝ ਵੀ ਪਤਾ ਨਹੀਂ ਲੱਗਿਆ। ਬਾਅਦ ਵਿੱਚ ਗੁਆਂਢ 'ਚ ਰਹਿੰਦੇ ਇੱਕ ਪੁਲਿਸ ਮੁਲਾਜ਼ਮ ਨੇ ਜਾਣਕਾਰੀ ਦਿੱਤੀ ਕਿ ਭੀਖੀ ਪੁਲਿਸ ਨੂੰ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਨਹੀਂ ਹੋ ਰਹੀ। ਜਦ ਉਨ੍ਹਾਂ ਨੇ ਨੌਜਵਾਨ ਦੀ ਫੋਟੋ ਦੇਖੀ ਤਾਂ ਉਨ੍ਹਾਂ ਨੂੰ ਸ਼ੱਕ ਲੱਗਿਆ ਤੇ ਹਸਪਤਾਲ ਜਾ ਕੇ ਮ੍ਰਿਤਕ ਦਾ ਚਿਹਰਾ ਦੇਖਣ ਤੋਂ ਬਾਅਦ ਉਨ੍ਹਾਂ ਤੇ ਮੁਸੀਬਤ ਦਾ ਪਹਾੜ ਟੁੱਟ ਪਿਆ।

ਉਹ ਲਾਸ਼ ਨੌਜਵਾਨ ਰਮਨਦੀਪ ਸਿੰਘ ਦੀ ਹੀ ਸੀ। ਦੱਸਿਆ ਗਿਆ ਹੈ ਕਿ ਰਮਨਦੀਪ ਸਿੰਘ ਦਾ ਪੁਰਾਣੀ ਰੰਜਿਸ਼ ਕਾਰਨ ਕਤਲ ਕੀਤਾ ਗਿਆ ਹੈ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਕੁੱਝ ਸਮਾਂ ਪਹਿਲਾ ਕੁੱਝ ਵਿਅਕਤੀਆਂ ਰਮਨਦੀਪ ਸਿੰਘ ਦੀ ਕੁੱਟਮਾਰ ਕਰਨ ਲਈ ਉਨ੍ਹਾਂ ਦੇ ਘਰ ਆਏ ਸਨ ਤੇ ਉਸ ਸਮੇਂ ਕੁੱਝ ਵਿਅਕਤੀਆਂ ਨੇ ਇਸ ਦਾ ਵਿਰੋਧ ਕਰਕੇ ਉਨ੍ਹਾਂ ਨੂੰ ਉਥੋਂ ਭੇਜ ਦਿੱਤਾ ਸੀ ਅਤੇ ਉਨ੍ਹਾਂ ਹੀ ਵਿਅਕਤੀਆਂ ਨੇ ਹੁਣ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਭੀਖੀ ਦੇ ਖੇਤਾਂ ਵਿੱਚ ਸੁੱਟ ਦਿੱਤੀ। ਜਿਸ ਦੀ ਕੋਈ ਵੀ ਪਹਿਚਾਣ ਨਹੀਂ ਹੋ ਰਹੀ ਸੀ।

ਥਾਣਾ ਭੀਖੀ ਦੇ ਮੁੱਖੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ 4 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਕੁੱਝ ਅਣਪਛਾਤੇ ਵਿਅਕਤੀਆਂ ਤੇ ਵੀ ਮਾਮਲਾ ਦਰਜ ਕੀਤਾ ਹੈ, ਜਿੰਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮ੍ਰਿਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

ਇਹ ਮਾਮਲਾ ਅਣਪਛਾਤੀ ਲਾਸ਼ ਦਾ ਬਣਿਆ ਹੋਇਆ ਸੀ, ਜਿਸ ਦੀ ਪਹਿਚਾਣ ਕਰਨ ਲਈ ਪੁਲਿਸ ਨੇ ਵੀ ਨੌਜਵਾਨ ਦੀ ਲਾਸ਼ ਦੀ ਫੋਟੋ ਨਸ਼ਰ ਕੀਤੀ ਹੋਈ ਸੀ, ਪਰ ਹੁਣ ਮਾਨਸਾ ਦੇ ਵਾਰਡ ਨੰ: 9 ਦੇ ਵਾਸੀ ਨੌਜਵਾਨ ਰਮਨਦੀਪ ਸਿੰਘ ਦੇ ਕਤਲ ਦਾ ਮਾਮਲਾ ਮਾਨਸਾ ਪੁਲਿਸ ਨੇ ਕਰੀਬ ਕਰੀਬ ਪਤਾ ਲਗਾ ਲਿਆ ਹੈ। ਜਿਸ 'ਤੇ ਪੁਲਿਸ ਕਾਰਵਾਈ ਕਰ ਰਹੀ ਹੈ।

Posted By: Jagjit Singh