ਬਲਕਾਰ ਸਹੋਤਾ, ਭੀਖੀ : ਨੇੜਲੇ ਪਿੰਡ ਸਮਾਓ ਵਿਖੇ ਬੀਤੀ ਰਾਤ ਮਾਮੂਲੀ ਤਕਰਾਰ ਪਿੱਛੋਂ ਹੋਈ ਲੜਾਈ ਵਿੱਚ ਇੱਕ 18 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਜਦੋਂ ਕਿ ਉਸ ਦੇ 2 ਰਿਸ਼ਤੇਦਾਰ ਜ਼ਖਮੀ ਹੋ ਗਏ। ਥਾਣਾ ਭੀਖੀ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੀ ਮਾਂ ਜਰਨੈਲ ਕੌਰ ਪਤਨੀ ਕਾਲਾ ਸਿੰਘ ਨੇ ਦੱਸਿਆ ਕਿ ਰੱਖੜੀ ਦਾ ਤਿਉਹਾਰ ਹੋਣ ਕਰਕੇ ਉਨ੍ਹਾਂ ਦੇ ਰਿਸ਼ਤੇਦਾਰ ਘਰ ਆਏ ਹੋਏ ਸਨ, ਜਿੰਨ੍ਹਾ ਲਈ ਉਸ ਦਾ ਪੁੱਤਰ ਸ਼ੈਟੀ ਸਿੰਘ (18) 8 ਵਜੇ ਦੇ ਕਰੀਬ ਦੁਕਾਨ ਤੋਂ ਠੰਢਾ ਲੈਣ ਲਈ ਗਿਆ ਸੀ। ਉਸਦੇ ਮਕਾਨ ਦੀਆਂ ਲਾਈਟਾਂ ਜੱਗ ਰਹੀਆਂ ਸਨ ਤੇ ਉਹ ਘਰ ਦੇ ਦਰਵਾਜ਼ੇ ਵਿੱਚ ਹੀ ਖੜੀ ਸੀ। ਉਸਦੇ ਪੁੱਤਰ 'ਚ ਤਾਰੀ ਸਿੰਘ ਆਣ ਵੱਜਿਆ। ਉਸਦੇ ਪੁੱਤਰ ਨੇ ਕਿਹਾ ਕਿ ਤੁਸੀ ਬਿਨ੍ਹਾ ਵਜਾ ਮੇਰੇ ਵਿੱਚ ਕਿਉ ਵਜ ਰਹੇ ਹੋ, ਇਸ ਨੂੰ ਲੈ ਕੇ ਹੀ ਉਹ ਉਸ ਦੇ ਗਲ ਪੈ ਗਿਆ ਤੇ ਭੱਜ ਕੇ ਉਸਦਾ ਪੁੱਤਰ ਘਰ ਅੰਦਰ ਵੜ ਗਿਆ, ਪਰ ਰੂੜਾ ਸਿੰਘ ਪੁੱਤਰ ਭੋਲਾ ਸਿੰਘ, ਤਾਰੀ ਸਿੰਘ ਪੁੱਤਰ ਭੋਲਾ ਸਿੰਘ, ਬਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ, ਭੋਲਾ ਸਿੰਘ ਪੁੱਤਰ ਸੁਖਦੇਵ ਸਿੰਘ, ਹਰਮਨ ਸਿੰਘ ਪੁੱਤਰ ਰਾਮ ਸਿੰਘ, ਰਾਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸਮਾਓ ਅਤੇ ਭੋਲਾ ਸਿੰਘ ਦਾ ਜਵਾਈ ਜਿਸ ਦਾ ਉਹ ਨਾਮ ਨਹੀ ਜਾਣਦੀ, ਸਾਡੇ ਘਰ ਆ ਕੇ ਉਸਦੇ ਪੁੱਤਰ 'ਤੇ ਹਮਲਾ ਕੀਤਾ ਅਤੇ ਉਸ ਦੀ ਛਾਤੀ 'ਤੇ ਕਿਰਚ ਨਾਲ ਵਾਰ ਕੀਤੇ। ਇਸ ਹਮਲੇ ਵਿੱਚ ਉਸਦੇ ਜਵਾਈ ਗੁਰਸੇਵਕ ਸਿੰਘ ਤੇ ਭਾਣਜਾ ਦਿਲਪ੍ਰੀਤ ਸਿੰਘ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ। ਜਿਨ੍ਹਾਂ ਨੂੰ ਤੁਰੰਤ ਭੀਖੀ ਦੇ ਹਸਪਤਾਲ ਲਿਜਾਇਆ ਗਿਆ, ਉਥੇ ਉਸਦੇ ਪੁੱਤਰ ਸ਼ੈਟੀ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਤੇ ਉਸਦਾ ਜਵਾਈ ਅਤੇ ਭਾਣਜਾ ਜੇਰੇ ਇਲਾਜ਼ ਹਨ। ਕਾਰਵਾਈ ਕਰਦਿਆਂ ਭੀਖੀ ਪੁਲਿਸ ਨੇ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਥਾਣਾ ਮੁਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ 8 ਵਿਅਕਤੀਆਂ ਖਿਲਾਫ਼ ਭਾਰਤੀ ਦੰਡਵਲੀ ਦੀਆਂ ਵੱਖ-ਵੱਖ ਥਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ ਹੈ।

Posted By: Ramanjit Kaur