ਜਗਤਾਰ ਧੰਜਲ, ਮਾਨਸਾ : ਭੀਖੀ ਵਿਚ ਗੰਡਾਸਿਆਂ ਤੇ ਤੇਜ਼ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ਹੇਠ 12 ਵਿਅਕਤੀਆਂ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲੇ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ ਹੈ।

ਇਸ ਬਾਰੇ ਪੁਲਿਸ ਨੂੰ ਜਸਵੀਰ ਸਿੰਘ ਵਾਸੀ ਜੋਗਾ ਨੇ ਦੱਸਿਆ ਹੈ ਕਿ ਉਹ ਆਪਣੇ ਨਾਨਕੇ ਘਰ ਪਿੰਡ ਸਮਾਓਂ ਆਇਆ ਹੋਇਆ ਸੀ। ਉਸ ਦੇ ਮਾਮੇ ਦਾ ਪੁੱਤਰ ਗੁਰਜੀਤ ਸਿੰਘ ਘਰ ਨਹੀਂ ਆਇਆ ਸੀ, ਜਦੋਂ ਉੁਹ ਤੇ ਉਸ ਦੀ ਮਾਮੀ ਆਪਣੇ ਪੁੱਤਰ ਨੂੰ ਦੇਖਣ ਲਈ ਦਾਣਾ ਮੰਡੀ ਵੱਲ ਗਏ ਤਾਂ ਉਥੇ ਕੁਝ ਅਨਸਰ ਗੰਡਾਸਿਆਂ ਤੇ ਤੇਜ਼ ਹਥਿਆਰਾਂ ਨਾਲ ਗੁਰਜੀਤ 'ਤੇ ਹਮਲਾ ਕਰ ਰਹੇ ਸਨ, ਇਹ ਸਾਰੇ ਜਣੇ ਉਸ ਨੂੰ ਜ਼ਖ਼ਮੀ ਕਰ ਕੇ ਭੱਜ ਨਿਕਲੇ।

ਜ਼ਖ਼ਮੀ ਨੂੰ ਜਦੋਂ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਬੱਬੂ ਤੇ ਪੰਮਾ ਵਾਸੀ ਭੀਖੀ, ਖੁਸ਼ੀ ਵਾਸੀ ਜੱਸੜਵਾਲ ਸਮੇਤ 9 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਹਾਲੇ ਕੋਈ ਵੀ ਅਨਸਰ ਕਾਬੂ ਨਹੀਂ ਆਇਆ ਹੈ।