ਸਵਰਨ ਗੁਲਾਟੀ, ਮੋਗਾ : ਬੀਤੇ ਦਿਨੀ ਲੁਧਿਆਣਾ 'ਚ ਸੋਨੇ ਦੀ ਹੋਈ ਡਕੈਤੀ ਮਾਮਲੇ 'ਚ ਅੰਮ੍ਰਿਤਸਰ ਦੀ ਜੇਲ੍ਹ 'ਚ ਬੰਦ ਗਗਨਦੀਪ ਸਿੰਘ ਜੇਲ੍ਹ 'ਚੋਂ ਹੀ ਲੋਕਾਂ ਨੂੰ ਫੋਨ ਕਰ ਕੇ ਡਰਾ ਧਮਕਾ ਕੇ ਫਿਰੌਤੀ ਮੰਗਦਾ ਸੀ। ਜ਼ਿਲ੍ਹਾ ਮੋਗਾ ਪੁਲਿਸ ਨੇ ਸਕਾਰਪੀਓ ਸਵਾਰ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ ਜਦੋਂ ਉਹ ਕਿਸੇ ਵਿਅਕਤੀ ਤੋਂ ਫਿਰੌਤੀ ਦੀ ਰਕਮ ਵਸੂਲਣ ਆ ਰਹੇ ਸਨ। ਪੁਲਿਸ ਨੇ ਕਾਬੂ ਕੀਤੇ ਲੋਕਾ ਕੋਲੋ 25 ਜ਼ਿੰਦਾ ਰੋਂਦ ਤੇ 25 ਬੋਰ ਬਰਾਮਦ ਵੀ ਕੀਤੇ ਹਨ।

ਥਾਣਾ ਸਿਟੀ ਸਾਊਥ ਪੁਲਿਸ ਦੇ ਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਖਾਸ ਮੁਖਬਿਰ ਨੇ ਸੂਚਨਾ ਦਿੱਤੀ ਕਿ ਪਿਛਲੇ ਸਮੇਂ ਲੁਧਿਆਣਾ ਵਿਖੇ ਸੋਨੇ ਦੀ ਹੋਈ ਡਕੈਤੀ ਦੇ ਮਾਮਲੇ 'ਚ ਅੰਮ੍ਰਿਤਸਰ ਦੀ ਜੇਲ੍ਹ 'ਚ ਬੰਦ ਗਗਨਦੀਪ ਸਿੰਘ ਉਰਫ ਜੱਜ ਪੁੱਤਰ ਸੁਖਜਿੰਦਰ ਸਿੰਘ ਫਿਰੋਜ਼ਪੁਰ ਜੋਕਿ ਜੇਲ੍ਹ 'ਚੋਂ ਹੀ ਮੋਬਾਇਲ ਫੋਨ 'ਤੇ ਲੋਕਾਂ ਨੂੰ ਡਰਾ ਧਮਕਾ ਕੇ ਲੋਕਾਂ ਕੋਲੋ ਫਿਰੌਤੀਆਂ ਮੰਗਦਾ ਸੀ ਅਤੇ ਅੱਜ ਉਸ ਦੇ ਸਾਥੀ ਮੋਗਾ ਵਿਖੇ ਆ ਰਹੇ ਹਨ। ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਬਹੋਨਾ ਚੌਕ ਕੋਲ ਸਕਾਰਪੀਓ ਗੱਡੀ ਨੰਬਰ ਪੀਬੀ05 ਏ ਕੇ 0844 ਨੂੰ ਰੋਕ ਕੇ ਗੱਡੀ 'ਚ ਸਵਾਰ ਔਰਤ ਸਵਰਨਜੀਤ ਕੌਰ ਪਤਨੀ ਸੁਖਜਿੰਦਰ ਸਿੰਘ ਵਾਸੀ ਫਿਰੋਜ਼ਪੁਰ, ਹਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਭੰਬਾ ਲੰਡਾ ਜ਼ਿਲ੍ਹਾ ਫਿਰੋਜ਼ਪੁਰ, ਅਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਚੂਹੜਚੱਕ ਨੂੰ ਕਾਬੂ ਕਰ ਲਿਆ।

ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਦੋ ਹੋਰ ਅਣਪਛਾਤੇ ਲੋਕ ਵੀ ਹਨ ਜੋਕਿ ਫਿਰੌਤੀ ਦੀਆਂ ਘਟਨਾਵਾਂ 'ਚ ਇਨ੍ਹਾਂ ਦਾ ਸਾਥ ਦਿੰਦੇ ਹਨ। ਪੁਲਿਸ ਨੇ ਜੇਲ੍ਹ ਵਿਚ ਬੰਦ ਗਗਨਦੀਪ ਸਿੰਘ ਸਮੇਤ ਕਾਬੂ ਕੀਤੇ ਤਿੰਨ ਲੋਕਾਂ ਅਤੇ ਦੋ ਅਣਪਛਾਤੇ ਲੋਕਾਂ ਸਮੇਤ 6 ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Posted By: Seema Anand