ਗੁਰਵਿੰਦਰ ਚਹਿਲ, ਹੀਰੋਂ ਖੁਰਦ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਬੱਲਮ ਸਿੰਘ ਕਲੀਪੁਰ ਨੇ ਗੱਲਬਾਤ ਦੌਰਾਨ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਤਸ਼ੱਦਦ ਤੇ ਸਰਕਾਰੀ ਦਬਾਅ ਨਾਲ ਖਤਮ ਹੋਣ ਵਾਲਾ ਨਹੀਂ ਇਹ ਤਾਂ ਅਗਲੇ ਦਿਨਾਂ ਵਿੱਚ ਹੋਰ ਮਜ਼ਬੂਤੀ ਫੜੇਗਾ। ਉਨ੍ਹਾਂ ਕਿਹਾ ਕਿ ਜੋ ਦਾਅਵੇ ਕੇਂਦਰੀ ਖੇਤੀ ਮੰਤਰੀ ਕਰ ਰਹੇ ਹਨ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ ਵਿੱਚ ਵਾਧਾ ਨਵੇਂ ਖੇਤੀ ਕਾਨੂੰਨਾਂ ਕਰਕੇ ਹੋਇਆ ਹੈ। ਇਸ ਵਿੱਚ ਉਹ ਸਰਾਸਰ ਗਲਤ ਹਨ, ਪੰਜਾਬ ਵਿਚ ਝੋਨੇ ਦੀ ਖਰੀਦ ਵਿੱਚ ਇਜ਼ਾਫੇ ਦਾ ਕੇਵਲ ਇਕੋ-ਇਕ ਕਾਰਨ ਹੈ ਕਿ ਇਸ ਵਾਰ ਪੰਜਾਬ ਦੇ ਝੋਨੇ ਦਾ ਦਾਣਾ ਦਾਣਾ ਪੰਜਾਬ ਵਿੱਚ ਵਿਕਿਆ ਹੈ, ਜਦੋ ਕਿ ਪਹਿਲਾਂ ਬਹੁਤ ਜ਼ਿਆਦਾ ਮਾਤਰਾ ਵਿੱਚ ਝੋਨਾ ਹਰਿਆਣਾ ਦੀਆਂ ਮੰਡੀਆਂ ਵਿੱਚ ਵਿਕਦਾ ਸੀ। ਇਸ ਲਈ ਕੇਂਦਰੀ ਮੰਤਰੀ ਗਲਤ ਬਿਆਨ ਬਾਜੀ ਕਰਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਕਲੀਪੁਰ ਨੇ ਕਿਹਾ ਕਿ ਸ਼ਾਂਤਮਈ ਸੰਘਰਸ਼ ਕਰਨ ਲਈ ਦਿੱਲੀ ਜਾ ਰਹੇ ਕਿਸਾਨ ਆਗੂਆਂ 'ਤੇ ਇਰਾਦਾ ਕਤਲ ਦੇ ਪਰਚੇ ਦਰਜ ਕਰਨਾ ਹਰਿਆਣਾ ਦੀ ਭਾਜਪਾ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ, ਕੇਂਦਰ ਸਰਕਾਰ ਪਰਚੇ ਦਰਜ ਕਰਨ ਦੀ ਥਾਂ ਦੇਸ਼ ਦੇ ਅੰਨ ਦਾਤਾ ਦੀ ਗੱਲ ਸੁਣੇ। ਉਨ੍ਹਾਂ ਦੱਸਿਆ ਕਿ ਕਈ ਥਾਵਾਂ 'ਤੇ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਨੂੰ ਵੀ ਪੁਲਿਸ ਨੇ ਜ਼ਬਤ ਕਰ ਲਿਆ ਹੈ ਅਤੇ ਕਈ ਕਿਸਾਨਾਂ ਵਿਰੁੱਧ ਝੂਠੇ ਮਾਮਲੇ ਦਰਜ ਕੀਤੇ ਗਏ ਹਨ, ਪਰ ਅੱਜ ਸ਼ਰੇਆਮ ਅਜਿਹਾ ਕਾਰਾ ਕਰਨ ਤੋਂ ਮੀਡੀਆ ਸਾਹਮਣੇ ਮੁੱਕਰ ਰਹੇ ਹਨ।