ਚਤਰ ਸਿੰਘ, ਬੁਢਲਾਡਾ : ਨੇਤਾ ਸੁਭਾਸ਼ ਚੰਦਰ ਬੋਸ ਦੀ 123ਵੀਂ ਵਰ੍ਹੇਗੰਢ ਦੇ ਮੌਕੇ 'ਤੇ ਵੀਰਵਾਰ ਨੂੰ ਆਲ ਇੰਡੀਆ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਤੇ ਆਲ ਇੰਡੀਆ ਡੈਮੋਕ੍ਰੇਟਿਕ ਯੂਥ ਆਰਗੇਨਾਈਜੇਸ਼ਨ ਵੱਲੋਂ ਭਾਈਚਾਰਕ ਸਦਭਾਵਨਾ ਮਾਰਚ ਬੱਸ ਸਟੈਂਡ ਬੁਢਲਾਡਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਦੀ ਗੁਜ਼ਰਦਾ ਹੋਇਆ ਰੇਲਵੇ ਸਟੇਸ਼ਨ ਵਿਖੇ ਸਮਾਪਤ ਹੋਇਆ। ਰੇਲਵੇ ਸਟੇਸ਼ਨ ਬੁਢਲਾਡਾ ਵਿਖੇ ਸੰਬੋਧਨ ਕਰਦੇ ਹੋਏ ਸਿਬਾਸਿਸ ਪਰਿਹਾਰ, ਮੈਂਬਰ ਸੈਕਟਰੀਏਟ ਆਲ ਇੰਡੀਆ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਨੇ ਦੱਸਿਆ ਕਿ ਜਿਸ ਤਰ੍ਹਾਂ ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ 'ਤੇ ਆਮ ਲੋਕਾਂ ਨੇ ਪੁਲਿਸ ਦੇ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਦੇ ਹੋਏ ਲੋਕ ਲਹਿਰ ਨੂੰ ਜਿਉਂਦਾ ਜਾਗਦਾ ਰੱਖਣ ਦਾ ਕੰਮ ਕੀਤਾ ਹੈ, ਉਹ ਬੇਮਿਸਾਲ ਹੈ। ਸਰਕਾਰ ਦੀਆਂ ਸਿੱਖਿਆ ਵਿਰੋਧੀ, ਲੋਕ ਵਿਰੋਧੀ ਗ਼ਲਤ ਨੀਤੀਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਦੇਸ਼ ਧਰੋਹੀ ਦਾ ਤਗਮਾ ਦੇ ਕੇ ਕੁਚਲਿਆ ਜਾ ਰਿਹਾ ਹੈ। ਇਨਕਲਾਬੀ ਪਾਰਟੀ ਐੱਸਯੂਸੀਆਈ (ਕਮਿਊਨਿਸਟ) ਦੇ ਪੰਜਾਬ ਸੂਬਾ ਇੰਚਾਰਜ ਪ੍ਰਰੋਫੈਸਰ ਅਮਿੰਦਰਪਾਲ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਰੁਜ਼ਗਾਰੀ ਕਾਰਨ ਵਿਹਲੇ ਫਿਰਦੇ ਨੌਜਵਾਨ ਅਮੀਰ ਅਤੇ ਗ਼ਰੀਬ ਵਿਚ ਵੱਧ ਰਹੇ ਪਾੜੇ ਨੂੰ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਅਰਥਵਿਵਸਥਾ ਦਾ ਇਹੋ ਜਿਹਾ ਬੁਰਾ ਹਾਲ ਕਦੇ ਵੀ ਨਹੀਂ ਹੋਇਆ ਇਹ ਸਭ ਸਮੱਸਿਆਵਾਂ ਦੀ ਜੜ੍ਹ ਮੁਨਾਫ਼ਾਖੋਰੀ ਸਰਮਾਏਦਾਰੀ ਢਾਂਚਾ ਹੈ। ਹਾਕਮਾਂ ਨੂੰ ਡਰ ਹੈ ਕਿ ਮਿਹਨਤਕਸ਼ ਜਨਤਾ ਤੇ ਵੱਧਦੇ ਹਮਲਿਆਂ ਕਰਕੇ ਕਿਤੇ ਲੋਕ ਉਭਾਰ ਦੇ ਹਾਲਾਤ ਨਾ ਪੈਦਾ ਹੋ ਜਾਣ। ਇਸ ਲਈ ਚਾਹੇ ਕਾਂਗਰਸ ਹੋਵੇ ਜਾਂ ਭਾਜਪਾ, ਉਨ੍ਹਾਂ ਨੇ ਦਸਾਂ-ਨਹੁੰਾਂ ਦੀ ਕਿਰਤ ਕਰਨ ਵਾਲੇ ਲੋਕਾਂ ਦੇ ਏਕੇ ਤੇ ਭਾਈਚਾਰੇ ਨੂੰ ਤੋੜਨ ਦੀ ਕੋਈ ਕਸਰ ਨਹੀਂ ਛੱਡੀ ਹੈ। ਜੇ ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਜਿਉਂਦੇ ਹੁੰਦੇ ਤਾਂ ਦੇਸ਼ ਦੇ ਮੌਜੂਦਾ ਹਾਲਾਤ ਨੂੰ ਦੇਖ ਕੇ ਭਲਾ ਕੀ ਕਰਦੇ। ਇਹ ਯਕੀਨੀ ਹੈ ਕਿ ਉਹ ਇਸ ਸਰਮਾਏਦਾਰੀ ਸਿਸਟਮ ਖ਼ਿਲਾਫ਼ ਲੜਾਈ ਦਾ ਐਲਾਨ ਦਿੰਦੇ, ਜਿਸ ਨੇ ਆਮ ਲੋਕਾਂ ਦਾ ਜਿਊਣਾ ਵੀ ਦੁੱਬਰ ਕਰ ਦਿੱਤਾ ਹੈ।

ਆਲ ਇੰਡੀਆ ਕਿਸਾਨ ਖੇਤ ਮਜਦੂਰ ਸੰਗਠਨ ਦੇ ਆਗੂ ਸਵਰਨ ਸਿੰਘ ਨੇ ਕਿਹਾ ਕਿ ਇਕ ਪਾਸੇ ਕਰਜ਼ੇ ਦਾ ਬੋਝ ਹੱਦ ਤੋਂ ਵੱਧਣ ਕਰਕੇ ਕਿਸਾਨ-ਮਜਦੂਰ ਲੱਖਾਂ ਦੀ ਗਿਣਤੀ ਵਿਚ ਖੁਦਕੁਸ਼ੀਆਂ ਕਰ ਰਹੇ ਹਨ। ਦੂਜੇ ਪਾਸੇ ਲੋਕਾਂ ਦੇ ਅਜਿਹੇ ਭਖਵੇਂ ਮਸਲਿਆਂ ਦਾ ਿਫ਼ਕਰ ਕਰਨ ਦੀ ਬਜਾਏ ਧਰਮ, ਜਾਤ, ਭਾਸ਼ਾ ਇਲਾਕਾ ਦੇ ਨਾਂ ਹੇਠ ਭਰਾ-ਮਾਰੂ ਨਫ਼ਰਤ ਫੈਲਾਈ ਜਾ ਰਹੀ ਹੈ। ਆਲ ਇੰਡੀਆ ਡੈਮੋਕ੍ਟਿਕ ਯੂਥ ਆਰਗੇਨਾਈਜੇਸ਼ਨ ਦੇ ਆਗੂ ਲਖਵੀਰ ਸਿੰਘ ਨੇ ਦੱਸਿਆ ਕਿ ਬੇਰੁਜ਼ਗਾਰੀ ਨੇ ਪਿਛਲੇ 45 ਸਾਲਾਂ ਜਾ ਰਿਕਾਰਡ ਤੋੜ ਦਿੱਤਾ ਹੈ। ਨੌਜਵਾਨਾਂ ਵਿਚ ਨਸ਼ੇਖੋਰੀ, ਨੰਗੇਜ਼-ਅਸ਼ਲੀਲਤਾ ਅਤੇ ਤਰ੍ਹਾਂ-ਤਰ੍ਹਾਂ ਦੇ ਸੱਭਿਆਚਾਰਕ ਨਿਘਾਰ ਦੇ ਆਏ ਹੜ੍ਹ ਨੇ ਲੜਕੀਆਂ, ਅੌਰਤਾਂ ਅਤੇ ਬੱਚੀਆਂ ਦੀ ਸੁਰੱਖਿਆ ਵਾਸਤੇ ਖ਼ਤਰਾ ਖੜ੍ਹਾ ਕਰ ਦਿੱਤਾ ਹੈ, ਪਰ ਸਰਕਾਰ ਦੀਆਂ ਨੀਤੀਆਂ ਦਾ ਉਦੇਸ਼ ਇਨ੍ਹਾਂ ਮਸਲਿਆਂ ਤੋਂ ਧਿਆਨ ਹਟਾ ਕੇ ਿਫ਼ਰਕੂ ਰਾਜਨੀਤੀ ਦਾ ਲਾਹਾ ਖੱਟ ਕੇ ਰਾਜਭਾਗ ਹਥਿਆਉਣਾ ਹੈ। ਇਸ ਮਾਰਚ ਵਿਚ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਪਿੰਡਾਂ ਦੇ ਨੌਜਵਾਨਾਂ ਨੇ ਹਿੱਸਾ ਲਿਆ।