ਕੁਲਜੀਤ ਸਿੰਘ ਸਿੱਧੂ, ਮਾਨਸਾ : ਸਿਹਤ ਵਿਭਾਗ ਮਾਨਸਾ ਵੱਲੋਂ ਚਲਾਈ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਤਹਿਤ 5 ਸਾਲ ਤਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆ ਕੋ ਪੋਲੀਓ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਦੀ ਸ਼ੁਰੂਆਤ ਐੱਮਐੱਲਏ ਮਾਨਸਾ ਨਾਜਰ ਸਿੰਘ ਮਾਨਸ਼ਾਹੀਆਂ ਵੱਲੋਂ ਇਕ ਬੱਚੇ ਨੂੰ ਬੂੰਦਾਂ ਪਿਆ ਕੇ ਕੀਤੀ ਗਈ। ਪਹਿਲੇ ਦਿਨ ਐਤਵਾਰ ਨੂੰ ਜ਼ਿਲ੍ਹਾ ਮਾਨਸਾ ਵਿਚ 39227 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਮੌਕੇ ਹਸਪਤਾਲ ਦਾ ਅਮਲਾ ਵੀ ਮੌਜੂਦ ਸੀ। ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਨੇ ਕਿਹਾ ਕਿ ਬੱਚਿਆਂ ਨੂੰ ਬੂੰਦਾਂ ਪਿਲਾਉਣਾ ਸਾਡੀ ਵਿਭਾਗੀ ਡਿਊਟੀ ਹੀ ਨਹੀਂ, ਸਗੋਂ ਇਕ ਨੈਤਿਕ ਡਿਊਟੀ ਵੀ ਹੈ। ਸਾਨੂੰ ਸਾਰਿਆਂ ਨੂੰ ਹੀ ਆਪਣੇ 5 ਸਾਲ ਤਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣੀਆਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਬੱਚਾ ਬਿਮਾਰ ਹੋਵੇ, ਨਵ-ਜੰਮਿਆਂ ਹੋਵੇ ਜਾਂ ਸਫ਼ਰ ਕਰ ਰਿਹਾ ਹੋਵੇ ਜਾਂ ਪਹਿਲਾਂ ਬੱਚੇ ਨੂੰ ਬੂੰਦਾਂ ਪਿਆ ਲਈਆਂ ਗਈਆਂ ਹੋਣ ਤਾਂ ਵੀ ਇਨਾ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣੀਆਂ ਜ਼ਰੂਰੀ ਹਨ।

ਇਸ ਮੌਕੇ ਬੋਲਦਿਆਂ ਜ਼ਿਲ੍ਹੇ ਦੀਆਂ ਸਿਹਤ ਸੇਵਾਵਾਂ ਦੇ ਮੁਖੀ ਡਾ. ਲਾਲ ਚੰਦ ਠੁਕਰਾਲ ਨੇ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਬਲਾਕ ਐੱਸਐੱਮਓ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਦਾ ਕੋਈ ਬੱਚਾ ਇਸ ਮੁਹਿੰਮ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ। ਇਸ ਲਈ ਉਹ ਘਰ-ਘਰ ਜਾ ਕੇ 5 ਸਾਲ ਤਕ ਦੇ ਬੱਚੇ ਬਾਰੇ ਪਤਾ ਕਰਨ ਅਤੇ ਬੂੰਦਾਂ ਪਿਆਉਣ ਦਾ ਕੰਮ ਯਕੀਨੀ ਬਣਾਉਣ। ਇਸ ਨੂੰ ਲੈ ਕੇ ਬੱਸ ਅੱਡਾ, ਮੰਦਰਾਂ, ਸਟੇਸ਼ਨਾਂ ਤੇ ਹੋਰ ਪਬਲਿਕ ਥਾਵਾਂ 'ਤੇ ਕੈਂਪ ਲਾ ਕੇ ਇਹ ਬੂੰਦਾਂ ਪਿਆਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮੁਹਿੰਮ ਵਿਚ 5 ਸਾਲ ਤਕ ਦੇ 73996 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਟੀਚੇ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਦੇ ਹੋਏ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਦੌਰਾਨ 145555 ਘਰਾਂ ਤਕ ਪਹੁੰਚ ਕੀਤੀ ਜਾਣੀ ਹੈ।

ਇਸ ਮੌਕੇ ਜ਼ਿਲ੍ਹਾ ਮਾਨਸਾ ਦੀ ਪਲਸ ਪੋਲੀਓ ਮੁਹਿੰਮ ਨੂੰ ਅਗਵਾਈ ਦੇਣ ਲਈ ਵਿਸ਼ੇਸ਼ ਰੂਪ ਪਹੁੰਚੇ ਡਿਪਟੀ ਡਾਇਰੇਕਟਰ ਚੰਡੀਗੜ੍ਹ ਡਾ. ਮੁਕੇਸ਼ ਸੌਦੀਂ ਨੇ ਕਿਹਾ ਕਿ ਪੋਲੀਓ ਦੀਆਂ ਬੂੰਦਾਂ ਦੇ ਨਾਲ-ਨਾਲ ਸੂਚੀ ਮੁਤਾਬਿਕ ਬਾਕੀ ਦੇ ਟੀਕੇ ਵੀ ਲਵਾਉਣੇ ਚਾਹੀਦੇ ਹਨ ਤਾਂ ਜੋ ਮਾਂ ਅਤੇ ਬੱਚੇ ਨੂੰ ਰੋਗਾਂ ਤੋਂ ਬਚਾਇਆ ਜਾ ਸਕੇ। ਡਾ. ਮੁਕੇਸ਼ ਸੌਦੀ ਦੁਆਰਾ ਇਸ ਮੌਕੇ ਜ਼ਿਲ੍ਹਾ ਹਸਪਤਾਲ ਦੇ ਵੈਕਸਿਨ ਸਟੋਰ ਦੀ ਜਾਂਚ ਵੀ ਕੀਤੀ ਗਈ ਉਨ੍ਹਾਂ ਵੈਕਸਿਨ ਸਟੋਰ, ਹਸਪਤਾਲ ਦੀ ਸਫਾਈ ਅਤੇ ਹੋਰ ਪ੍ਰਬੰਧਾਂ ਬਾਰੇ ਜ਼ਿਲ੍ਹਾ ਸਿਹਤ ਵਿਭਾਗ ਦੀ ਪ੍ਰਸ਼ੰਸਾ ਕੀਤੀ। ਜ਼ਿਲ੍ਹਾ ਹਸਪਤਾਲ ਦੇ ਮੁਖੀ ਡਾ. ਅਸ਼ੋਕ ਕੁਮਾਰ ਸੀਨੀਅਰ ਮੈਡੀਕਲ ਅਫਸਰ ਵਲੋਂ ਆਏ ਹੋਏ ਸਾਰੇ ਪੱਤਵੰਤੇ ਸੱਜਣਾਂ, ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਹਸਪਤਾਲ ਦੀ ਤਰੱਕੀ ਲਈ ਲਗਾਤਾਰ ਅਣਥੱਕ ਮਿਹਨਤ ਕਰਦੇ ਰਹਿਣਗੇ।

ਇਸ ਮੌਕੇ ਪਹੁੰਚੇ ਆਈਐੱਮਏ ਦੇ ਨੁਮਾਇੰਦੇ ਅਤੇ ਇੰਨਵਾਇਰਮੈਂਟ ਸੁਸਾਇਟੀ ਮਾਨਸਾ ਦੇ ਪ੍ਰਧਾਨ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਆਈਐੱਮਏ ਸਿਹਤ ਵਿਭਾਗ ਦੇ ਸਾਰੇ ਰਾਸ਼ਟਰੀ ਪ੍ਰਰੋਗਰਾਮਾਂ ਵਿਚ ਬਣਦਾ ਯੋਗਦਾਨ ਪਾਉਂਦਾ ਆਇਆ ਹੈ ਅਤੇ ਭਵਿੱਖ ਵਿਚ ਵੀ ਇਹ ਯੋਗਦਾਨ ਜਾਰੀ ਰਹੇਗਾ। ਰੋਟਰੀ ਕਲੱਬ ਦੇ ਗਵਰਨਰ ਪ੍ਰਰੇਮ ਅਗਰਵਾਲ ਨੇ ਕਿਹਾ ਕਿ ਸਿਹਤ ਵਿਭਾਗ ਦੁਆਰਾ ਤਨਦੇਹੀ ਨਾਲ ਡਾ. ਲਾਲ ਚੰਦ ਠੁਕਰਾਲ ਦੀ ਅਗਵਾਈ ਵਿਚ ਪੋਲੀਓ ਉਪਰ ਜਿੱਤ ਬਰਕਰਾਰ ਰੱਖਣ ਦੀ ਮੁਹਿੰਮ ਸ਼ਲਾਘਾਯੋਗ ਹੈ। ਸਿਹਤ ਵਿਭਾਗ ਨਾਲ ਰੋਟਰੀ ਕਲੱਬ ਦੇ ਸਾਰੇ ਨੁਮਾਇੰਦੇ ਇਸ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲੈਣਗੇ, ਰੋਟਰੀ ਕਲੱਬ ਦੇ ਪ੍ਰਧਾਨ ਨਰੇਸ਼ ਕੁਮਾਰ ਵਿੱਕੀ ਅਤੇ ਰੋਟਰੀ ਕਲੱਬ ਰੌਇਲ ਦੇ ਪ੍ਰਧਾਨ ਅਮਿਤ ਗੋਇਲ ਦੁਆਰਾ ਹਾਜ਼ਰ ਬੱਚਿਆਂ ਨੂੰ ਖਿਡੌਣੇ ਅਤੇ ਹੋਰ ਤੋਹਫ਼ੇ ਦਿੱਤੇ ਗਏ। ਇਸ ਮੌਕੇ ਨਰਸਿੰਗ ਅਫਸਰ ਗੁਰਵਿੰਦਰ ਕੌਰ ਡੁਮੇਲੀ, ਵਿਜੇ ਕੁਮਾਰ ਲੈਬ ਟੈਕਨੀਸ਼ਿਅਨ ਅਤੇ ਦਰਸ਼ਨ ਸਿੰਘ ਫਾਰਮਾਸਿਸਟ ਵੱਲੋਂ ਪ੍ਰਰੋਗਰਾਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।