ਹਰਕ੍ਰਿਸ਼ਨ ਸ਼ਰਮਾ, ਮਾਨਸਾ : ਮਾਨਸਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਹੈ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ 2 ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਸਮੇਤ ਪਲਿਸ ਪਾਰਟੀ ਡੀਸੀ ਤਿਕੋਨੀ ਮਾਨਸਾ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਪਰਮਿੰਦਰ ਸਿੰਘ ਵਾਸੀ ਘਰਾਂਗਣਾ ਹਾਲ ਵਾਸੀ ਮਾਨਸਾ, ਧਨੰਤਰ ਸਿੰਘ ਵਾਸੀ ਮੰਡਾਲੀ ਹਾਲ ਵਾਸੀ ਮਾਨਸਾ, ਰਣਜੀਤ ਸਿੰਘ ਵਾਸੀ ਹਰੀਗੜ੍ਹ ਜ਼ਿਲ੍ਹਾ ਸੰਗਰੂਰ ਜੋ ਜਾਅਲੀ ਕਰੰਸੀ ਦਾ ਕੰਮ ਕਰਦੇ ਹਨ, ਮਾਨਸਾ ’ਚ ਹੀ ਹਨ।
ਇਸ ਇਤਲਾਹ ਮਿਲਣ ਤੋਂ ਤੁਰੰਤ ਬਾਅਦ ਸੰਜੀਵ ਗੋਇਲ ਡੀਐੱਸਪੀ ਮਾਨਸਾ ਅਤੇ ਮੁੱਖ ਅਫ਼ਸਰ ਥਾਣਾ ਸਿਟੀ 2 ਮਾਨਸਾ ਦੀ ਅਗਵਾਈ ਹੇਠ ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਟੀਮ ਨੇ ਧਨੰਤਰ ਸਿੰਘ ਨੂੰ 30 ਨਵੰਬਰ ਨੂੰ ਅਨਾਜ ਮੰਡੀ ਮਾਨਸਾ ਦੇ ਸਾਹਮਣੇ ਢਾਬੇ ਤੋਂ ਕਾਬੂ ਕਰਕੇ 8400 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ। ਉਸ ਦੀ ਨਿਸ਼ਾਨਦੇਹੀ ’ਤੇ ਪਰਮਿੰਦਰ ਸਿੰਘ ਤੇ ਰਣਜੀਤ ਸਿੰਘ ਨੂੰ ਕਾਬੂ ਕਰ ਕੇ 25,100 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ। ਪਰਮਿੰਦਰ ਸਿੰਘ ਕੋਲੋਂ 18,100 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ।
ਇਸੇ ਦੌਰਾਨ ਰਣਜੀਤ ਸਿੰਘ ਕੋਲੋਂ ਵੀਰਵਾਰ ਨੂੰ ਉਸ ਦੇ ਰਿਹਾਇਸ਼ੀ ਮਕਾਨ ’ਚੋਂ ਇਕ ਸਕੈਨਰ-ਕਮ-ਰੰਗੀਨ ਪਿ੍ਰੰਟਰ ਸਮੇਤ ਕਟਰ ਅਤੇ 2,04,200 ਰੁਪਏ ਜਾਅਲੀ ਕਰੰਸੀ ਨੋਟ ਬਰਾਮਦ ਹੋਏ। ਇਸ ਤਰ੍ਹਾਂ ਹੁਣ ਤਕ 2,55,800 ਰੁਪਏ ਜਾਅਲੀ ਕਰੰਸੀ ਨੋਟ ਬਰਾਮਦ ਕਰਵਾਏ ਜਾ ਚੁੱਕੇ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
Posted By: Jagjit Singh