ਬਲਜਿੰਦਰ ਬਾਵਾ, ਜੋਗਾ : ਆਂਗਨਵਾੜੀ ਯੂਨੀਅਨ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅਕਲੀਆ ਦੇ ਨੌਜਵਾਨ ਨੂੰ ਮਰਨ ਲਈ ਮਜ਼ਬੂਰ ਕਰਨ ਵਾਲੇ ਵਿਅਕਤੀ ਨੂੰ ਜੋਗਾ ਪੁਲਿਸ ਵੱਲੋਂ ਗਿ੍ਫ਼ਤਾਰ ਕਰਕੇ ਬਣਦੀ ਸਜ਼ਾ ਨਾ ਦਿੱਤੇ ਜਾਣ ਦੇ ਰੋਸ ਵਜੋਂ ਮੰਗਲਵਾਰ ਨੂੰ ਥਾਣਾ ਜੋਗਾ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਤੇ ਜੋਗਾ ਪੁਲਿਸ ਵੱਲੋਂ ਕੋਈ ਭਰੋਸੇ ਯੋਗ ਜਵਾਬ ਨਾ ਮਿਲਣ ਤੇ ਗੁੱਸੇ ਵਿਚ ਆਏ ਧਰਨਾਕਾਰੀਆ ਨੇ ਮਾਨਸਾ ਬਰਨਾਲਾ ਸੜਕ ਇਕ ਘੰਟੇ ਲਈ ਜਾਮ ਕਰ ਦਿੱਤਾ। ਆਂਗਨਵਾੜੀ ਯੂਨੀਅਨ ਸਟੇਟ ਆਗੂ ਹਰਜੀਤ ਕੌਰ ਪੰਜੋਲਾ, ਕਿਸਾਨ ਆਗੂ ਰਾਜ ਸਿੰਘ ਅਕਲੀਆ ਨੇ ਕਿਹਾ ਕਿ ਬਠਿੰਡਾ ਦੇ ਜਗਜੀਵਨ ਸਿੰਘ ਜੱਗੂ ਪਿੰਡ ਭਾਈ ਰੂਪਾ ਨਾਂ ਦੇ ਵਿਅਕਤੀ ਵੱਲੋਂ ਪਿੰਡ ਦੇ ਨੌਜਵਾਨ ਚਰਨਜੀਤ ਸਿੰਘ ਉਰਫ਼ ਚੰਨੀ ਨੂੰ ਮਰਨ ਲਈ ਮਜ਼ਬੂਰ ਕੀਤਾ ਸੀ, ਜਿਸ ਕਰਕੇ ਚਰਨਜੀਤ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਕਾਰਨ ਚਰਨਜੀਤ ਸਿੰਘ ਦੇ ਪਰਿਵਾਰ ਵੱਲੋਂ ਦੋਸ਼ੀ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ, ਪਰ ਜੋਗਾ ਪੁਲਿਸ ਵੱਲੋਂ ਦੋਸ਼ੀ ਖਿਲਾਫ਼ ਕਾਰਵਾਈ ਕਰਨੀ ਤਾਂ ਦੂਰ ਦੀ ਗੱਲ, ਮੁਲਜ਼ਮ ਨੂੰ ਗਿ੍ਫ਼ਤਾਰ ਤੱਕ ਨਹੀਂ ਕੀਤਾ ਗਿਆ। ਉਧਰ ਜਥੇਬੰਦੀ ਆਗੂਆਂ ਤੇ ਪਰਿਵਾਰ ਨੇ ਕਿਹਾ ਕਿ ਜੇ ਦੋਸ਼ੀਆ ਨੂੰ ਗਿ੍ਫ਼ਤਾਰ ਕਰਨ 'ਚ ਅਣਗਿਹਲੀ ਵਰਤੀ ਤਾਂ, ਉਹ ਵੱਡੇ ਪੱਧਰ ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਕਿਸਾਨ ਆਗੂ ਕੇਵਲ ਸਿੰਘ ਮਾਖਾ, ਰਾਜ ਸਿੰਘ ਅਕਲੀਆ ਸਰਬਜੀਤ ਕੌਰ, ਮੇਜਰ ਸਿੰਘ ਫੋਜੀ, ਜੋਰਾ ਸਿੰਘ ਇਕਾਈ ਪ੍ਰਧਾਨ ਮਾਖਾ, ਆਵਿਨਾਸ਼ ਕੋਰ, ਚਰਨਜੀਤ ਕੋਰ ਜਿਲ੍ਹਾ ਸੈਕਟਰੀ, ਬਲਜੀਤ ਕੋਰ ਜ਼ਿਲ੍ਹਾ ਕੈਸੀਅਰ ਬਰਨਾਲਾ, ਸਰਬਜੀਤ ਕੋਰ ਸੰਗਰੂਰ, ਮੇਜਰ ਸਿੰਘ, ਬੂਟਾ ਸਿੰਘ, ਰਣਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਜਦੋ ਇਸ ਸਬੰਧੀ ਥਾਣਾ ਮੁੱਖੀ ਕੰਵਲਜੀਤ ਸਿੰਘ ਨਾਲ ਗਿਆਰਾਂ ਮੈਂਬਰੀ ਕਮੇਟੀ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਕੋਈ ਠੋਸ ਜਵਾਬ ਨਾ ਮਿਲਣ 'ਤੇ ਪੀੜਤ ਪਰਿਵਾਰ ਤੇ ਇਸ ਮਾਮਲੇ ਦੀ ਅਗਵਾਈ ਕਰ ਰਹੀ ਕਮੇਟੀ ਨੇ ਰੋਸ ਵਜੋਂ ਥਾਣੇ ਅੱਗੇ ਧਰਨਾ ਦਿੰਦਿਆਂ ਮਾਨਸਾ ਬਰਨਾਲਾ ਰੋਡ ਜਾਮ ਕਰ ਦਿੱਤਾ ਅਤੇ ਗਿ੍ਰਫ਼ਤਾਰੀ ਨਾ ਹੋਣ ਤੇ ਪ੍ਰਸ਼ਾਸਨ ਖਿਲਾਫ 30 ਅਕਤੂਬਰ ਤੋਂ ਅਣਮਿੱਥੇ ਸੰਘਰਸ਼ ਵਿੱਢਣ ਦੀ ਚੇਤਾਵਨੀ ਵੀ ਦਿੱਤੀ ਗਈ।

-----------

ਮੁਲਜ਼ਮ ਨੂੰ ਜਲਦ ਕੀਤਾ ਜਾਵੇਗਾ ਗਿ੍ਫਤਾਰ : ਥਾਣਾ ਮੁਖੀ

ਜਦੋਂ ਇਸ ਸਬੰਧੀ ਥਾਣਾ ਮੁਖੀ ਕੰਵਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਜਗਜੀਵਨ ਸਿੰਘ ਜੱਗੂ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਜੋ ਕਿ ਛਾਪੇਮਾਰੀ ਕਰ ਰਹੀਆਂ ਨੇ ਜੋ ਕਿ ਪੁਲਿਸ ਜਲਦੀ ਗਿ੍ਰਫ਼ਤਾਰ ਕਰ ਲਵੇਗੀ ਅਤੇ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।