ਕੁਲਜੀਤ ਸਿੰਘ ਸਿੱਧੂ, ਮਾਨਸਾ : ਨੇੜਲੇ ਪਿੰਡ ਛੋਟੀ ਮਾਨਸਾ ਵਿਖੇ ਐਤਵਾਰ ਦੀ ਰਾਤ ਕਰੀਬ ਸਾਢੇ 8 ਵਜੇ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ 'ਤੇ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਿ੍ਤਕ ਸੁਖਦੀਪ ਕੌਰ ਦੇ ਭਤੀਜੇ ਸੁਖਵਿੰਦਰ ਸਿੰਘ ਵੱਲੋਂ ਪੁਲਿਸ ਕੋਲ ਲਿਖਵਾਏ ਬਿਆਨ ਅਨੁਸਾਰ ਸੁਖਦੀਪ ਕੌਰ ਦਾ ਵਿਆਹ ਕਰੀਬ 35 ਸਾਲ ਪਹਿਲਾਂ ਬਚਨ ਸਿੰਘ ਵਾਸੀ ਮਾਨਸਾ ਖੁਰਦ ਨਾਲ ਹੋਇਆ ਸੀ। ਬਚਨ ਸਿੰਘ ਹਮੇਸ਼ਾ ਆਪਣੀ ਪਤਨੀ ਨਾਲ ਝਗੜਾ ਕਰਦਾ ਰਹਿੰਦਾ ਸੀ।

ਸੁਖਵਿੰਦਰ ਨੇ ਦੱਸਿਆ ਕਿ ਐਤਵਾਰ ਨੂੰ ਉਹ ਆਪਣੀ ਭੂਆ ਨੂੰ ਮਿਲਣ ਆਇਆ ਤਾਂ ਫੁੱਫੜ ਭੂਆ ਦੀ ਕੁੱਟਮਾਰ ਕਰ ਰਿਹਾ ਸੀ, ਉਸ ਦੇ ਹੱਥ ਵਿੱਚ ਲੱਕੜ ਦਾ ਸੋਟਾ ਸੀ। ਉਨ੍ਹਾਂ ਦੇ ਸਾਹਮਣੇ ਹੀ ਬਚਨ ਸਿੰਘ ਨੇ ਆਪਣੀ ਪਤਨੀ ਦੇ ਸਿਰ 'ਤੇ ਤਿੰਨ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਔਰਤ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਥਾਣਾ ਸਿਟੀ-2 ਦੇ ਮੁਖੀ ਮੋਹਨ ਲਾਲ ਨੇ ਦੱਸਿਆ ਕਿ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ।