ਜਗਤਾਰ ਸਿੰਘ ਧੰਜਲ, ਮਾਨਸਾ : ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਇਸ ਵਾਸਤੇ ਆਦਮੀ ਨੂੰ ਬੇਸ਼ੱਕ ਕੋਈ ਵੀ ਮੁੱਲ ਕਿਉਂ ਨਾ ਚੁਕਾਉਣਾ ਪਵੇ। ਮਾਨਸਾ ਦੇ ਇੱਕ ਵਿਅਕਤੀ ਨੇ ਆਪਣਾ ਸ਼ੌਕ ਪੂਰਾ ਕਰਨ ਲਈ ਆਪਣੀ ਨਵੀਂ ਗੱਡੀ ਲਈ 5 ਲੱਖ 20 ਹਜਾਰ ਰੁਪਏ ਵਿੱਚ ਵੀਆਈਪੀ ਨੰਬਰ ਖਰੀਦਿਆ ਹੈ। ਉਸ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਨੰਬਰ ਹੋਰ ਵੀ ਮਹਿੰਗਾ ਹੋ ਜਾਂਦਾ, ਪਰ ਉਸ ਨੇ ਹਰ ਹਾਲਤ ਵਿੱਚ ਖਰੀਦਣਾ ਹੀ ਸੀ। ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲਾ ਦੇ ਨੰਬਰਦਾਰ ਕਰਨੈਲ ਸਿੰਘ ਦੇ ਪੁੱਤਰ ਸੁਖਵਿੰਦਰ ਗਿੱਲ ਉਰਫ ਨਾਜਮ ਜਸਵਿੰਦਰ ਸਿੰਘ ਉਰਫ ਬਿੱਟੂ ਨੇ ਆਪਣੀ ਗੱਡੀ ਲਈ ਚੰਡੀਗੜ੍ਹ ਤੋਂ ਵੀਰਵਾਰ ਦੀ ਸ਼ਾਮ ਬੋਲੀ ਦੇ ਕੇ 11 ਸੀਵਾਈ 0001 ਨੰਬਰ 5 ਲੱਖ 20 ਹਜ਼ਾਰ ਰੁਪਏ ਵਿੱਚ ਖਰੀਦਿਆ ਹੈ। ਉਸ ਦੇ ਮੁਕਾਬਲੇ ਹੋਰ ਕੋਈ ਨੰਬਰ ਦੀ ਬੋਲੀ ਨਹੀਂ ਦੇ ਸਕਿਆ। ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਹੀ ਮਨ ਵਿੱਚ ਧਾਰਿਆ ਹੋਇਆ ਸੀ ਕਿ ਜਦੋਂ ਉਹ ਨਵੀਂ ਗੱਡੀ ਖਰੀਦੇਗਾ ਤਾਂ ਉਸ ਨੇ ਵੀਆਈਪੀ ਨੰਬਰ ਲੱਗੇਗਾ। ਨੰਬਰ ਖਰੀਦਣ ਤੋਂ ਬਾਅਦ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਰਿਸ਼ਤੇਦਾਰ ਤੇ ਦੋਸਤ ਮਿੱਤਰ ਉਸ ਨੂੰ ਇਹ ਨੰਬਰ ਖਰੀਦਣ ਲਈ ਵਧਾਈਆਂ ਦੇ ਰਹੇ ਹਨ। ਉਸ ਨੇ ਇਹ ਨੰਬਰ ਗੱਡੀ ਖਰੀਦਣ ਤੋਂ ਪਹਿਲਾਂ ਖਰੀਦਿਆ ਹੈ ਤੇ ਉਹ ਹੁਣ ਗੱਡੀ ਖਰੀਦਣ ਲਈ ਬਠਿੰਡਾ ਗਏ ਹੋਏ ਹਨ। ਉਨਾਂ੍ਹ ਦਾ ਕਹਿਣਾ ਹੈ ਕਿ ਉਹ ਸਕਾਰਪੀਓ ਜਾਂ ਇੰਡੈਵਰ ਦੋਵਾਂ ਵਿੱਚ ਇੱਕ ਗੱਡੀ ਖਰੀਦਣਗੇ।