ਸੁਰਿੰਦਰ ਲਾਲੀ, ਮਾਨਸਾ : ਪਿਛਲੇ ਕੁਝ ਦਿਨਾ ਤੋਂ ਮਾਨਸਾ ਦੀ ਨਵੀਂ ਅਨਾਜ ਮੰਡੀ ਦੇ ਰਸਤੇ ਵਿਚ ਮਰੀ ਹੋਈ ਗਾਂ ਪਈ ਹੈ। ਜਿਸ ਨੂੰ ਖ਼ਬਰ ਲਿਖੇ ਜਾਣ ਤਕ ਨਹੀਂ ਚੁੱਕਵਾਇਆ ਗਿਆ। ਸਰਕਾਰ ਅਵਾਰਾ ਪਸ਼ੂਆਂ ਦਾ ਹੱਲ ਕਰਨ ਵਿੱਚ ਤਾਂ ਨਾਕਾਮ ਹੋਈ ਹੀ, ਉਥੇ ਮਰੇ ਹੋਏ ਪਸ਼ੂਆਂ ਲਈ ਹੱਡਾਰੋੜੀਆਂ ਦਾ ਪ੍ਰਬੰਧ ਵੀ ਨਹੀਂ ਕਰ ਰਹੀ। ਇਸੇ ਦੀ ਇਕ ਤਾਜ਼ਾ ਮਿਸਾਲ ਮਾਨਸਾ ਦੀ ਨਵੀਂ ਅਨਾਜ ਮੰਡੀ ਤੋਂ ਮਿਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਊਸ਼ਾਲਾ ਦੇ ਪ੍ਰਧਾਨ ਅਸ਼ੋਕ ਨੰਗਲਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾ ਤੋਂ ਅਨਾਜ ਮੰਡੀ ਦੇ ਰਸਤੇ ਵਿਚ ਇਕ ਮਰੀ ਹੋਈ ਗਾਂ ਪਈ ਹੈ, ਜਿਸ ਨੂੰ ਹਾਲੇ ਤਕ ਪ੍ਰਸ਼ਾਸਨ ਵੱਲੋਂ ਚੁਕਵਾਇਆ ਨਹੀਂ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਵਿਚ ਹੱਡਾਰੋੜੀ ਨਾ ਹੋਣ ਕਾਰਨ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਰਹੀ ਹੈ। ਇਨ੍ਹਾਂ ਮਰੇ ਹੋਏ ਪਸ਼ੂਆਂ ਨੂੰ ਅਵਾਰਾ ਕੁੱਤੇ ਆਪਣਾ ਭੋਜਨ ਬਣਾ ਰਹੇ ਹਨ। ਜਿਸ ਕਾਰਨ ਇਹ ਅਵਾਰਾ ਕੁੱਤੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਵੀ ਵੱਢਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਮਰੇ ਹੋਏ ਅਵਾਰਾ ਪਸ਼ੂਆਂ ਨੂੰ ਮਾਨਸਾ ਵਿਖੇ ਹੱਡਾਰੋੜੀ ਨਾ ਹੋਣ ਕਾਰਨ ਮਰੇ ਹੋਏ ਸਥਾਨ 'ਤੇ ਹੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਸੜਕਾਂ 'ਤੇ ਹਾਦਸੇ ਦੌਰਾਨ ਜ਼ਖ਼ਮੀ ਹੋਏ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਚ ਲਿਜਾਇਆ ਜਾਂਦਾ ਹੈ, ਪਰ ਗਊਸ਼ਾਲਾ ਵਿਚ ਮੌਤ ਹੋਣ ਦੌਰਾਨ ਉਨ੍ਹਾਂ ਦੀ ਲਾਸ਼ ਨੂੰ ਟਿਕਾਣੇ ਲਾਉਣਾ ਉਨ੍ਹਾਂ ਲਈ ਵੀ ਮੁਸ਼ਕਲ ਬਣਿਆ ਹੋਇਆ ਹੈ। ਇਸ ਦੇ ਨਾਲ-ਨਾਲ ਇਸ ਗੱਲ ਤੋਂ ਨਾਵਾਕਿਫ਼ ਆਮ ਸ਼ਹਿਰੀ ਵੀ ਅੌਖੇ ਹਨ, ਕਿਉਂਕਿ ਜੇਕਰ ਉਨ੍ਹਾਂ ਦੇ ਘਰ ਅੱਗੇ ਕੋਈ ਅਵਾਰਾ ਪਸ਼ੂ ਮਰ ਜਾਂਦਾ ਹੈ ਤਾਂ ਉਹ ਉਸ ਨੂੰ ਚੁਕਵਾਉਣ ਲਈ ਬਾਹਰ ਤੋਂ ਮੁਰਦਾ ਪਸ਼ੂਆਂ ਨੂੰ ਚੁੱਕਣ ਵਾਲਿਆਂ ਨੂੰ ਬੁਲਾਉਂਦੇ ਹਨ, ਜੋ ਉਨ੍ਹਾਂ ਤੋਂ ਉਹ ਮੋਟੇ ਪੈਸਿਆਂ ਦੀ ਮੰਗ ਕਰਦੇ ਹਨ। ਜਿਸ ਨਾਲ ਆਮ ਸ਼ਹਿਰੀਆਂ 'ਤੇ ਇਸ ਗੱਲ ਦਾ ਬੌਝ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਦੁਆਰਾ ਇਸ ਗਾਂ ਨੂੰ ਬੁਰੀ ਤਰ੍ਹਾਂ ਨੌਚਿਆ ਜਾ ਰਿਹਾ ਹੈ ਤੇ ਇਸ ਤੋਂ ਕਈ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਾਂ ਨੂੰ ਜਲਦ ਤੋਂ ਜਲਦ ਚੁੱਕਿਆ ਜਾਵੇ ਅਤੇ ਹੱਡਾਰੋੜੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ।

-ਬਾਕਸ ਲਈ--

-ਇਸ ਮਾਮਲੇ ਸਬੰਧੀ ਨਗਰ ਕੌਂਸਲ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਕਿਹਾ ਕਿ ਇਸ ਸਮੱਸਿਆ ਦਾ ਜਲਦੀ ਹੀ ਕਰ ਦਿੱਤਾ ਜਾਵੇਗਾ।